ਮੱਲਾਂਵਾਲਾ: ਸੜਕ ਹਾਦਸੇ ’ਚ ਮਸੇਰੇ ਭੈਣ-ਭਰਾ ਦੀ ਮੌਤ
ਇੱਥੋਂ ਦੇ ਮੱਖੂ ਰੋਡ 'ਤੇ ਪੈਂਦੇ ਪਿੰਡ ਮੱਲੂ ਵਲੀਏ ਵਾਲਾ ਨੇੜੇ ਬੀਤੀ ਰਾਤ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਮਸੇਰੇ ਭੈਣ-ਭਰਾ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਾਜਵੀਰ ਕੌਰ (26) ਪੁੱਤਰੀ ਨਿਰਮਲ ਸਿੰਘ ਪਿੰਡ ਸਾਬੂਵਾਲ ਕਰੇ ਥਾਣਾ ਲੋਹੀਆਂ ਅਤੇ ਗੁਰਵਿੰਦਰ ਸਿੰਘ (28) ਪੁੱਤਰ ਤੇਜਾ ਸਿੰਘ, ਬਸਤੀ ਆਸਾ ਸਿੰਘ ਵਾਲੀ ਦਾਖਲੀ ਆਸਿਫ ਵਾਲਾ ਥਾਣਾ ਮੱਲਾਂਵਾਲਾ ਵਜੋਂ ਹੋਈ।
ਦੱਸ ਦਈਏ ਕਿ ਹਾਦਸਾ ਉਸ ਵੇਲੇੇ ਵਾਪਰਿਆ ਜਦੋਂ ਮ੍ਰਿਤਕ ਗੁਰਵਿੰਦਰ ਸਿੰਘ ਏਮਜ਼ ਹਸਪਤਾਲ ਬਠਿੰਡਾ ਤੋਂ ਆਪਣੀ ਮਾਤਾ ਦਾ ਪਤਾ ਲੈ ਕੇ ਆਪਣੀ ਮਾਸੀ ਦੀ ਕੁੜੀ ਨਾਲ ਵਾਪਸ ਆਪਣੇ ਪਿੰਡ ਬਸਤੀ ਆਸਾ ਸਿੰਘ ਵਾਲੀ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਮੱਲੂ ਵਲੀਆ ਵਾਲਾ ਦੇ ਨੇੜੇ ਪਹੁੰਚੇ ਤਾਂ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ।
ਹਾਦਸੇ ਵਿੱਚ ਰਾਜਵੀਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਗੁਰਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਮੱਲਾਂਵਾਲਾ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲਿਆ।ਪੁਲੀਸ ਨੇ ਦੋਵਾਂ ਲਾਸ਼ਾਂ ਕਬਜ਼ੇ 'ਚ ਲੈ ਲਈਆਂ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਦਕਿ ਕਾਰ ਚਾਲਕ ਭੋਲਾ ਸਿੰਘ ਕਾਰ ਛੱਡ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਸਨੁੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਕਹਿ ਰਹੀ ਹੈ।
