ਪਿੰਡਾਂ ਤੇ ਸ਼ਹਿਰਾਂ ’ਚ ਮਲੇਰੀਏ ਅਤੇ ਡੇਗੂ ਦਾ ਕਹਿਰ
ਬਰਸਾਤੀ ਸੀਜ਼ਨ ਤੋਂ ਬਾਅਦ ਪਿੰਡਾਂ ਵਿੱਚ ਪਾਣੀ ਇਕੱਠਾ ਹੋ ਗਿਆ ਸੀ ਜਿੱਥੇ ਹੁਣ ਦਲਦਲ ਪੈਦਾ ਹੋ ਗਈ ਹੈ ਅਤੇ ਇੱਥੇ ਮੱਛਰਾਂ ਦੀ ਭਰਮਾਰ ਹੋਣ ਕਾਰਨ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਰਹੀਆ ਹਨ। ਭਾਰੀ ਮੀਂਹ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਕਾਰਨ ਇਸ ਸਾਲ ਡੇਂਗੂ ਅਤੇ ਮਲੇਰੀਏ ਦੇ ਮਾਮਲਿਆਂ ਵਿੱਚ ਦੂਜੇ ਸਾਲਾਂ ਦੇ ਮੁਕਾਬਲੇ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ। ਹੁਣ ਤੱਕ ਜ਼ਿਲ੍ਹੇ ਵਿੱਚ ਸ਼ਹਿਰੀ ਅਤੇ ਪੇਂਡੂ ਦੋਵਾਂ ਵਿੱਚ ਡੇਂਗੂ ਦੇ 20 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 14 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜਦੋਂਕਿ ਛੇ ਦਾ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਵੱਲੋਂ ਅਜਿਹੇ ਹਾਲਾਤਾਂ ਵਿੱਚ 55 ਟੀਮਾਂ ਗਠਿਤ ਕਰਨ ਦਾ ਦਾਅਵਾ ਕੀਤਾ ਗਿਆ ਹੈ ਜੋ ਅਜਿਹੇ ਮਾਮਲਿਆਂ ਦੀ ਨਿਗਰਾਨੀ ਲਈ ਕੰਮ ਕਰ ਰਹੀਆਂ ਹਨ।
ਜ਼ਿਲ੍ਹਾ ਮਲੇਰੀਆਂ ਅਫਸਰ ਡਾਕਟਰ ਗੌਰਵ ਅਰੋੜਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਡੇਂਗੂ ਅਤੇ ਮਲੇਰੀਆ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਪਚਵੰਜਾ ਟੀਮਾਂ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀਆਂ ਹਨ ਜਿੱਥੇ ਵੀ ਲਾਰਵਾ ਮਿਲਦਾ ਹੈ ਉੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਖੜ੍ਹੇ ਪਾਣੀ, ਨਾਲੀਆਂ ਅਤੇ ਛੱਪੜਾਂ ਵਿੱਚ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ।