ਭੀਖੀ ਬਲਾਕ ਤੋੜਨ ਖ਼ਿਲਾਫ਼ ਮੁੱਖ ਮਾਰਗ ਜਾਮ
ਇਸ ਜ਼ਿਲ੍ਹੇ ਦੇ ਭੀਖੀ ਬਲਾਕ ਨੂੰ ਤੋੜਨ ਦੇ ਖਦਸ਼ੇ ਦਰਮਿਆਨ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਬਣੀ ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ ਵਿੱਢੇ ਅੰਦੋਲਨ ਤਹਿਤ ਧਰਨੇ ਦੇ 36ਵੇਂ ਦਿਨ ਕਿਸਾਨ, ਮਜ਼ਦੂਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ਼ ਮੁੱਖ ਮਾਰਗ ’ਤੇ ਜਾਮ ਲਗਾ ਦਿੱਤਾ। ਭੀਖੀ ਤੋਂ ਬਰਨਾਲਾ ਨੂੰ ਆਉਣ-ਜਾਣ ਵਾਲੇ ਇਸ ਮੁੱਖ ਮਾਰਗ ’ਤੇ ਲੱਗੇ ਧਰਨੇ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ ਧਰਨੇ ਦੌਰਾਨ ਮੀਟਿੰਗ ਕਰਕੇ ਮੁੱਖ ਮਾਰਗ ’ਤੇ ਧਰਨਾ ਲਾਉਣ ਦਾ ਫੈਸਲਾ ਲਿਆ ਗਿਆ ਜਿਸ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਡੀਐਸਪੀ ਪ੍ਰਿਤਪਾਲ ਸਿੰਘ ਨੇ ਧਰਨੇ ਵਿੱਚ ਆ ਕੇ ਧਰਨਾਕਾਰੀਆਂ ਅਤੇ ਐਕਸ਼ਨ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਇਕ-ਦੋ ਦਿਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਦਾ ਸਮਾਂ ਤੈਅ ਕੀਤਾ ਜਾਵੇਗਾ ਜਿਸ ਤੋਂ ਬਾਅਦ ਸੰਘਰਸ਼ ਕਮੇਟੀ ਵੱਲੋਂ ਜਾਮ ਖੋਲ੍ਹ ਦਿੱਤਾ ਗਿਆ। ਪੰਜ ਮੈਂਬਰੀ ਕਮੇਟੀ ਨੇ ਭਰੋਸੇ ਤੋਂ ਬਾਅਦ ਧਰਨੇ ਦੀ ਸਮਾਪਤੀ ਕੀਤੀ। ਆਗੂਆਂ ਨੇ ਕਿਹਾ ਕਿ ਬੀਡੀਪੀਓ ਦਫ਼ਤਰ ਭੀਖੀ ਵਿੱਚ ਲੱਗਾ ਮੋਰਚਾ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਅਤੇ ਮਾਰਕੀਟ ਕਮੇਟੀ ਭੀਖੀ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਫਫੜੇ ਅਤੇ ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਭੀਖੀ ਬਲਾਕ ਦਫ਼ਤਰ ਨਾਲ ਇਲਾਕੇ ਦੇ 33 ਪਿੰਡ ਜੁੜੇ ਹੋਏ ਹਨ ਅਤੇ ਜੇਕਰ ਭੀਖੀ ਬਲਾਕ ਦਫ਼ਤਰ ਖ਼ਤਮ ਕਰ ਦਿੱਤਾ ਗਿਆ ਤਾਂ ਆਮ ਲੋਕਾਂ ਨੂੰ ਬਹੁਤ ਸਮੱਸਿਆਵਾਂ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਤਾੜਨਾ ਕੀਤੀ ਕਿ ਜੇਕਰ ਬਲਾਕ ਦਫ਼ਤਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਮੇਟੀ ਕੋਲ ਕੋਈ ਲਿਖਤੀ ਪੱਤਰ ਨਹੀਂ ਆਉਂਦਾ, ਉਨਾ ਚਿਰ ਧਰਨਾ ਲਗਾਤਾਰ ਸੰਘਰਸ਼ ਕਮੇਟੀ ਵੱਲੋਂ ਜਾਰੀ ਰਹੇਗਾ। ਇਸ ਮੌਕੇ ਧਰਮਪਾਲ ਨੀਟਾ, ਬਲਜੀਤ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਭੈਣੀਬਾਘਾ, ਕੁਲਵਿੰਦਰ ਕੌਰ ਅਕਲੀਆ, ਨਿੱਕਾ ਸਿੰਘ ਬਹਾਦਰਪੁਰ, ਗੁਰਪ੍ਰੀਤ ਸਿੰਘ ਵਿੱਕੀ, ਗੁਰਚਰਨ ਸਿੰਘ ਭੀਖੀ, ਸੁਖਵਿੰਦਰ ਅਤਲਾ, ਰੂਪ ਢਿੱਲੋ, ਭੋਲਾ ਸਮਾਓ, ਜਸਪਾਲ ਅਤਲਾ, ਛੱਜੂ ਰਾਮ ਰਿਸ਼ੀ, ਦਿਨੇਸ਼ ਸੋਨੀ ਨੇ ਸੰਬੋਧਨ ਕੀਤਾ।