ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ’ਚ ‘ਮੈਂ ਭਗਤ ਸਿੰਘ’ ਦਾ ਸਫ਼ਲ ਮੰਚਨ
ਕੇਂਦਰੀ ਸੱਭਿਆਚਾਰਕ ਮੰਤਰਾਲੇ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮਿਊਂਸਿਪਲ ਕਾਰਪੋਰੇਸ਼ਨ ਬਠਿੰਡਾ ਦੇ ਸਹਿਯੋਗ ਨਾਲ ਚੱਲ ਰਹੇ 14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਤੀਜੇ ਦਿਨ ਨਾਟਕ ‘ਮੈਂ ਭਗਤ ਸਿੰਘ’ ਦਾ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਮੰਚਨ ਕੀਤਾ ਗਿਆ। ਇਹ ਨਾਟਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੀ। ਡਾ. ਪਾਲੀ ਭੁਪਿੰਦਰ ਵੱਲੋਂ ਲਿਖੇ ਅਤੇ ਜ਼ਿਲ੍ਹਾ ਭਾਸ਼ਾ ਅਫਸਰ ਕੀਰਤੀ ਕਿਰਪਾਲ ਦੇ ਨਿਰਦੇਸ਼ਨ ਹੇਠ ਨਾਟਿਅਮ ਗਰੁੱਪ ਦੇ ਕਲਾਕਾਰਾਂ ਨੇ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਨਾਟਕ ਨੇ ਸਰਮਾਏਦਾਰੀ, ਰਾਜਨੀਤੀ, ਪ੍ਰਸ਼ਾਸਨ ਅਤੇ ਕਿਸਾਨੀ ਦੇ ਡਿਗਦੇ ਹਾਲਾਤ ’ਤੇ ਕਰਾਰੀ ਚੋਟ ਕੀਤੀ ਜਿਸ ਕਾਰਨ ਦਰਸ਼ਕ ਵਾਰ-ਵਾਰ ਤਾੜੀਆਂ ਮਾਰਦੇ ਨਜ਼ਰ ਆਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਮੀਡੀਅਮ ਇੰਡਸਟਰੀ ਵਿਕਾਸ ਬੋਰਡ ਦੇ ਚੇਅਰਮੈਨ ਨੀਲ ਗਰਗ ਅਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਹਾਜ਼ਰੀ ਭਰੀ। ਨਾਟਿਅਮ ਦੇ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਅਤੇ ਡਾ. ਪੂਜਾ ਗੁਪਤਾ ਨੇ ਮਹਿਮਾਨਾਂ ਦਾ ਸਨਮਾਨ ਕੀਤਾ। ਨੀਲ ਗਰਗ ਨੇ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਦੀ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ ਜਦਕਿ ਜਤਿੰਦਰ ਭੱਲਾ ਨੇ ਨਾਟਿਅਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਡਾ. ਸੰਦੀਪ ਸਿੰਘ ਮੋਹਲਾਂ ਅਤੇ ਗੁਰਮੀਤ ਧੀਮਾਨ ਨੇ ਕੀਤਾ। ਇਸ ਮੌਕੇ ਸ਼ਹਿਰ ਦੀਆਂ ਸਾਹਿਤਕ ਹਸਤੀਆਂ ਜਿਵੇਂ ਜਸਪਾਲ ਮਾਨਖੇੜਾ, ਗੁਰਦੇਵ ਖੋਖਰ, ਸੁਰੇਸ਼ ਹੰਸ, ਲਛਮਣ ਸਿੰਘ ਮਲੂਕਾ ਅਤੇ ਹਰਦੀਪ ਤੱਗੜ ਸਮੇਤ ਕਈ ਵਿਅਕਤੀਆਂ ਨੇ ਹਾਜ਼ਰੀ ਭਰੀ। ਡਾ. ਕੀਰਤੀ ਕਿਰਪਾਲ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ 15 ਦਿਨਾਂ ਦਾ ਨਾਟ-ਉਤਸਵ 26 ਸਤੰਬਰ ਤੋਂ 10 ਅਕਤੂਬਰ ਤੱਕ ਹਰ ਸ਼ਾਮ 7 ਵਜੇ ਹੋਵੇਗਾ। ਇਸ ਵਿੱਚ ਦੇਸ਼ ਭਰ ਦੀਆਂ ਨਾਟ-ਮੰਡਲੀਆਂ ਵੱਲੋਂ 15 ਨਾਟਕ ਪੇਸ਼ ਕੀਤੇ ਜਾਣਗੇ।
