ਬਠਿੰਡਾ ਦੇ ਧੋਬੀ ਬਾਜ਼ਾਰ ’ਚ ਧੱਕਾ-ਮੁੱਕੀ ਹੋਏ ਮਹੰਤ
ਅੱਜ ਇੱਥੇ ਧੋਬੀ ਬਾਜ਼ਾਰ ਵਿੱਚ ਮਹੰਤਾਂ (ਕਿੰਨਰ ਸਮਾਜ) ਦੇ ਦੋ ਗਰੁੱਪਾਂ ਦਰਮਿਆਨ ਜੰਮ ਕੇ ਲੜਾਈ ਹੋਈ। ਦੋਵੇਂ ਖੇਮਿਆਂ ਦੇ ਮਹੰਤ ‘ਧੱਕਾ-ਮੁੱਕੀ’ ਅਤੇ ‘ਥੱਪੜੋ-ਥੱਪੜੀ’ ਹੋਏ। ਭਾਵੇਂ ਮੌਕੇ ’ਤੇ ਹਾਜ਼ਰ ਕੁਝ ਸੂਝਵਾਨਾਂ ਵੱਲੋਂ ਠੰਢਾ ਛਿੜਕਣ ’ਤੇ ਮਾਮਲਾ ਸ਼ਾਂਤ ਹੋ ਗਿਆ, ਪਰ ਦੋਵੇਂ ਧਿਰਾਂ ਇੱਕ ਦੂਜੇ ਨੂੰ ‘ਵੇਖ ਲੈਣ’ ਦੀਆਂ ਚੁਣੌਤੀਆਂ ਦੇ ਕੇ ਉੱਥੋਂ ਚਲੀਆਂ ਗਈਆਂ। ਹੈਰਾਨੀਜਨਕ ਪੱਖ ਇਹ ਵੀ ਰਿਹਾ ਕਿ ਜਦੋਂ ਦੋਵੇਂ ਗਰੁੱਪ ਆਪਸ ਵਿੱਚ ਹੱਲਾ ਬੋਲ ਰਹੇ ਸਨ, ਤਾਂ ਠੀਕ ਉਦੋਂ ਕੁੱਝ ਤਮਾਸ਼ਬੀਨ, ਤਮਾਸ਼ਾ ਦੇਖਦੇ ਰਹੇ ਅਤੇ ਕਿਸੇ ਨੇ ਵੀ ਉਨ੍ਹਾਂ ਨੂੰ ਹਟਾਉਣ ਦੀ ਜ਼ਹਿਮਤ ਨਹੀਂ ਉਠਾਈ।
ਲੜਾਈ ਦੀ ਫ਼ੋਨ ’ਤੇ ਵੀਡੀਓਗ੍ਰਾਫ਼ੀ ਕਰਨ ਵਾਲਿਆਂ ਨੂੰ ਵੀ ਸ਼ਾਇਦ ਮਸਾਂ ਹੀ ਮੌਕਾ ਹੱਥ ਲੱਗਾ ਹੋਵੇ, ਉਨ੍ਹਾਂ ਵੀ ਛੁਡਾਉਣ ਦੀ ਬਜਾਏ ਘਟਨਾ ਦਾ ਖੂਬ ਲਾਹਾ ਖੱਟਿਆ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ’ਜ਼ ’ਚ ਇੱਕ ਮਹੰਤ ਨੇ ਵਿਰੋਧੀ ਖੇਮੇ ਦੇ ਇੱਕ ਮਹੰਤ ’ਤੇ ਥੱਪੜਾਂ ਦਾ ਮੀਂਹ ਵਰ੍ਹਾ ਦਿੱਤਾ। ਇਸ ਦੌਰਾਨ ਦੂਜਾ ਮਹੰਤ ਸੜਕ ’ਤੇ ਡਿੱਗ ਪਿਆ, ਜਿਸ ਨੂੰ ਉਸ ਦੇ ਸਾਥੀਆਂ ਨੇ ਸੰਭਾਲਿਆ। ਜਾਣਕਾਰੀ ਅਨੁਸਾਰ ਧੋਬੀ ਬਾਜ਼ਾਰ ਵਿੱਚ ਮਹੰਤਾਂ ਦਾ ਇੱਕ ਵੱਡਾ ਗਰੁੱਪ ਆਪਣੀ ਪ੍ਰੰਪਰਾਗਤ ਤਰੀਕੇ ਨਾਲ ਦੀਵਾਲੀ ਦੀ ਵਧਾਈ ਮੰਗ ਰਿਹਾ ਸੀ। ਮੌਕੇ ’ਤੇ ਦੂਜੇ ਗਰੁੱਪ ਦੇ ਦੋ ਮਹੰਤ ਆਏ ਅਤੇ ਵਧਾਈ ਮੰਗਣ ਵਾਲੀ ਟੋਲੀ ਦੀ ਮੁਖ਼ਾਲਫਿਤ ਕਰ ਦਿੱਤੀ। ਉਪਰੰਤ ਦੋਨੋਂ ਖੇਮਿਆਂ ’ਚ ਪਹਿਲਾ ਤਲਖ਼ ਤਕਰਾਰ ਹੋਈ, ਜੋ ਕੁੱਝ ਪਲਾਂ ਅੰਦਰ ਹਿੰਸਕ ਰੁਖ਼ ਅਖ਼ਤਿਆਰ ਕਰ ਗਈ। ਵੱਡੇ ਗਰੁੱਪ ਵਾਲੇ ਮਹੰਤਾਂ ਨੇ ਵਿਰੋਧੀਆਂ ਨੂੰ ਕੁਟਾਪਾ ਚਾੜ੍ਹ ਦਿੱਤਾ। ਵਿਰੋਧੀ ਖੇਮਾ ਵੀ ਉਸੇ ਤੇਵਰ ’ਚ ਆ ਗਿਆ ਅਤੇ ਉਸ ਨੇ ਸਾਹਮਣੇ ਗਰੁੱਪ ਦੀ ਚੰਗੀ ਭੁਗਤ ਸੁਆਰੀ। ਲੰਮੀ ਝੜਪ ਅਤੇ ਗਾਲੀ-ਗਲੋਚ ਦੌਰਾਨ ਇੱਕ ਧੜੇ ਦੇ ਮੈਂਬਰ ਆਟੋ ਵਿੱਚ ਬੈਠ ਕੇ ਉੱਥੋਂ ਚਲੇ ਗਏ, ਤਾਂ ਜਾ ਕੇ ਮਾਹੌਲ ਸ਼ਾਂਤ ਹੋਇਆ।
ਵਪਾਰ ਮੰਡਲ ਨੇ ਲਾਈ ‘ਵਧਾਈ’ ਦੇਣ ’ਤੇ ਰੋਕ
ਘਟਨਾ ਤੋਂ ਬਾਅਦ ਵਪਾਰ ਮੰਡਲ ਬਠਿੰਡਾ ਦੇ ਪ੍ਰਧਾਨ ਜੀਵਨ ਗੋਇਲ, ਸੂਬਾ ਸਕੱਤਰ ਸੋਨੂ ਮਹੇਸ਼ਵਰੀ, ਸਕੱਤਰ ਪ੍ਰਮੋਦ ਜੈਨ, ਦ੍ਰਵਜੀਤ ਠਾਕੁਰ ਮੈਰੀ, ਪੋਸਟ ਆਫ਼ਿਸ ਬਾਜ਼ਾਰ ਦੇ ਆਗੂ ਰਾਜੀਵ ਗੁਪਤਾ, ਕਿੱਕਰ ਬਾਜ਼ਾਰ ਦੇ ਗੋਰਾ ਲਾਲ ਬਾਂਸਲ, ਸਪੋਰਟਸ ਮਾਰਕੀਟ ਦੇ ਰਾਜੀਵ ਕੁਮਾਰ, ਸਿਰਕੀ ਬਾਜ਼ਾਰ ਦੇ ਪੰਕਜ ਗਰਗ ਅਤੇ ਕੱਪੜਾ ਮਾਰਕੀਟ ਦੇ ਪ੍ਰਧਾਨ ਭਾਰਤ ਭੂਸ਼ਨ ਗੋਇਲ ਵੱਲੋਂ ਹੰਗਾਮੀ ਮੀਟਿੰਗ ਕਰਕੇ ਘਟਨਾ ’ਚ ਵਿਚਾਰ-ਚਰਚਾ ਕੀਤੀ ਗਈ। ਵਪਾਰ ਮੰਡਲ ਵੱਲੋਂ ਇਹ ਅਹਿਮ ਫੈਸਲਾ ਕੀਤਾ ਗਿਆ ਕਿ ਭਵਿੱਖ ’ਚ ਝਗੜਾ ਅਤੇ ਦੰਗਾ ਫ਼ਸਾਦ ਹੋਣ ਤੋਂ ਰੋਕਣ ਲਈ ਦੁਕਾਨਦਾਰ ਮਹੰਤਾਂ ਨੂੰ ਫਿਲਹਾਲ ਆਰਜ਼ੀ ਤੌਰ ’ਤੇ ਵਧਾਈ ਨਹੀਂ ਦੇਣਗੇ। ਅਗਲੇ ਦਿਨੀਂ ਵਪਾਰ ਮੰਡਲ ਮਹੰਤਾਂ ਦੇ ਸਾਰੇ ਗਰੁੱਪਾਂ ਨਾਲ ਮੀਟਿੰਗ ਕਰ ਕੇ ਵਧਾਈ ਦੇਣ ਬਾਰੇ ਪ੍ਰੋਗਰਾਮ ਉਲੀਕੇਗਾ। ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਫਿਲਹਾਲ ਉਹ ਕਿਸੇ ਵੀ ਮਹੰਤ ਨੂੰ ਦਿਵਾਲੀ ਦੀ ਵਧਾਈ ਨਾ ਦੇਣ।