ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੁਧਿਆਣਾ ਜ਼ਿਮਨੀ ਚੋਣ ਦੀ ਜਿੱਤ ਦੇ ਜਸ਼ਨ ਮਾਲਵਾ ’ਚ ਮਨਾਏ

‘ਆਪ’ ਵਰਕਰਾਂ ਵਿੱਚ ਖੁਸ਼ੀ; ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਵਰਕਰ ਮਾਯੂਸ
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 23 ਜੂਨ

Advertisement

ਪੰਜਾਬ ਵਿੱਚ ਲੁਧਿਆਣਾ ਜ਼ਿਮਨੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਹੋਈ ਜਿੱਤ ਦੇ ਜਸ਼ਨ ਮਾਲਵੇ ਵਿਚ ਮਨਾਏ ਗਏ। ਪਿੰਡਾਂ ਵਿੱਚ ਪਾਰਟੀ ਦੇ ਵਾਲੰਟੀਅਰਜ਼ ਨੇ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਕੇ ਖੁਸ਼ੀ ਮਨਾਈ। ਦੂਜੇ ਪਾਸੇ ਕਾਂਗਰਸ ਪਾਰਟੀ ਅਤੇ ਭਾਜਪਾ ਸਮੇਤ ਅਕਾਲੀ ਦਲ ਦੇ ਵਰਕਰਾਂ ਵਿੱਚ ਹਾਰ ਨੂੰ ਲੈਕੇ ਮਾਯੂਸੀ ਛਾਈ ਰਹੀ।

ਮਾਨਸਾ ਜ਼ਿਲ੍ਹੇ ਵਿਚ ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਡਾ. ਵਿਜੈ ਕੁਮਾਰ ਸਿੰਗਲਾ, ਸਰਦੂਲਗੜ੍ਹ ਤੋਂ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਲੁਧਿਆਣਾ ਜ਼ਿਮਨੀ ਚੋਣ ਵਿੱਚ ਆਪਣੇ ਪਾਰਟੀ ਵਰਕਰਾਂ ਨੂੰ ਲੈ ਕੇ ਕਈ ਦਿਨ ਡੇਰੇ ਲਾਈ ਰੱਖੇ ਸਨ ਅਤੇ ਇਹ ਵਰਕਰ ਬਦਲ-ਬਦਲ ਕੇ ਲੁਧਿਆਣਾ ਆਉਂਦੇ-ਜਾਂਦੇ ਰਹਿੰਦੇ ਸਨ। ਇਨ੍ਹਾਂ ਵਰਕਰਾਂ ਨੂੰ ਅੱਜ ਜਿਉਂ ਹੀ ਚੋਣ ਨਤੀਜਾ ਪਾਰਟੀ ਦੇ ਹੱਕ ਵਿੱਚ ਜਾਣ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ, ਇਨ੍ਹਾਂ ਵਿੱਚ ਖੁਸ਼ੀਆਂ ਦਾ ਮਾਹੌਲ ਜਿਉਂ-ਜਿਉਂ ਬਣਦਾ ਰਿਹਾ। ਇਸ ਇਲਾਕੇ ਦੇ ਹਰਿਆਣਾ ਨਾਲ ਲੱਗਦੇ ਸਰਦੂਲਗੜ੍ਹ ਅਤੇ ਬੁਢਲਾਡਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਅੱਜ ਜਿੱਤ ਦੇ ਖੂਬ ਜਸ਼ਨ ਮਨਾਏ ਗਏ। ਵਿਧਾਇਕ ਡਾ. ਵਿਜੈ ਕੁਮਾਰ ਸਿੰਗਲਾ, ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਬੁੱਧ ਰਾਮ ਨੇ ਕਿਹਾ ਕਿ ਇਹ ਜਿੱਤ ਪੰਜਾਬ ਵਿੱਚ ਸਿਰਫ਼ ਇਕ ਸੀਟ ਦੀ ਨਹੀਂ, ਸਗੋਂ ਲੋਕਾਂ ਦੇ ਭਰੋਸੇ ਦੀ ਜਿੱਤ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਸੀਨੀਅਰ ਆਗੂ ਅਜੀਤਇੰਦਰ ਸਿੰਘ ਮੋਫ਼ਰ, ਬਿਕਰਮ ਸਿੰਘ ਮੋਫ਼ਰ, ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਨਤੀਜਿਆਂ ਤੋਂ ਬਾਅਦ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸੀ ਹਲਕਿਆਂ ਵਿੱਚ ਉਦਾਸੀ ਦਾ ਆਲਮ ਛਾਇਆ ਰਿਹਾ। ਭਾਜਪਾ ਵੱਲੋਂ ਜਗਦੀਪ ਸਿੰਘ ਨਕੱਈ, ਗੁਰਮੇਲ ਸਿੰਘ ਠੇਕੇਦਾਰ ਨੇ ਕਿਹਾ ਕਿ ਭਾਵੇਂ ਭਾਜਪਾ ਵੱਲੋਂ ਇੱਕ ਦਿਨ ਪਹਿਲਾਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਕੇ ਤੀਜਾ ਸਥਾਨ ਹਾਸਲ ਕੀਤਾ ਹੈ, ਪਰ ਉਨ੍ਹਾਂ ਨੂੰ ਇਸ ਗੱਲ ਦੀ ਤੱਸਲੀ ਹੈ ਕਿ ਭਾਜਪਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਲੋਂ ਢਾਈ ਗੁਣਾ ਵੱਧ ਵੋਟਾਂ ਲੈ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਅਰੋੜਾ, ਡਾ. ਨਿਸ਼ਾਨ ਸਿੰਘ ਅਤੇ ਗੁਰਮੇਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਪਾਰਟੀ ਵੱਲੋਂ ਮੁਕਾਬਲਾ ਕੀਤਾ ਗਿਆ ਹੈ, ਪਰ ਸੱਤਾਧਾਰੀ ਧਿਰ ਨੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਲੋਕਤੰਤਰ ਦੀ ਜਿੱਤ ਨਹੀਂ ਹੈ।

ਲੁਧਿਆਣਾਵੀਆਂ ਨੇ ‘ਆਪ’ ਸਰਕਾਰ ਦੇ ਹੱਕ ’ਚ ਦਿੱਤਾ ਫ਼ਤਵਾ: ਚੇਅਰਮੈਨ

 

ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਜੀਦਾ ਨੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੂੰ ਵਧਾਈਆਂ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਅਰੋੜਾ ਨੂੰ ਵੋਟਰਾਂ ਵੱਲੋਂ ਇੰਨਾ ਵੱਡਾ ਫ਼ਤਵਾ ਮਿਲਣਾ, ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਤੋਂ ਸਾਫ਼ ਹੋ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਤੋਂ ਪੰਜਾਬੀ ਖੁਸ਼ ਹਨ ਅਤੇ ਇਸੇ ਲਈ ਉਨ੍ਹਾਂ ਸਰਕਾਰ ਦੇ ਕੰਮਾਂ ’ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਇਹ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫ਼ਾਈਨਲ ਸੀ ਅਤੇ ਹੁਣ 2027 ਦੀਆਂ ਚੋਣਾਂ ’ਚ ਪੰਜਾਬ ਦੇ ਲੋਕ ਮੁੜ ਸ਼ਾਨੋ ਸ਼ੌਕਤ ਨਾਲ ‘ਆਪ’ ਦੀ ਸਰਕਾਰ ਬਣਾਉਣਗੇ। ਚੇਅਰਮੈਨ ਜੀਦਾ ਨੇ ਕਿਹਾ ਕਿ ਲੁਧਿਆਣਾ ਦੀ ਜਿੱਤ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ ਸਮੇਤ ਪੰਜਾਬ ਦੇ ਮੰਤਰੀ ਮੰਡਲ ਅਤੇ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਵਿੱਚ ਹੀ ਸੰਭਵ ਹੋ ਸਕੀ ਅਤੇ ਉਹ ਇਸ ਲਈ ਸਭ ਦਾ ਧੰਨਵਾਦ ਕਰਦੇ ਹਨ।

ਸੈਮੀਫ਼ਾਈਨਲ ਜਿੱਤਿਆ, ਫ਼ਾਈਨਲ ਵੀ ਜਿੱਤਾਂਗੇ: ਵਿਧਾਇਕ

ਜੈਤੋ (ਸ਼ਗਨ ਕਟਾਰੀਆ): ਜ਼ਿਮਨੀ ਚੋਣਾਂ ’ਚ ਹੋਈ ਜਿੱਤ ਨੇ ਆਮ ਆਦਮੀ ਪਾਰਟੀ ਦੇ ਖੇਮਿਆਂ ’ਚ ਨਵਾਂ ਜੋਸ਼ ਭਰ ਦਿੱਤਾ ਹੈ। ਵੋਟਾਂ ਦੀ ਗਿਣਤੀ ਦੀ ਸ਼ੁਰੂਆਤ ਤੋਂ ਲੈ ਕੇ ਉਤਸ਼ਾਹ ’ਚ ਆਏ ‘ਆਪ’ ਵਰਕਰਾਂ ਦੇ ਪੈਰ ਸਾਰਾ ਦਿਨ ਢੋਲਾਂ ਦੀ ਥਾਪ ’ਤੇ ਥਿਰਕਦੇ ਰਹੇ। ਗੁਲਾਲ ਉਡਾਉਣ, ਭੰਗੜੇ ਪਾਉਣ, ਆਤਿਸ਼ਬਾਜ਼ੀ ਚਲਾਉਣ ਅਤੇ ਮਠਿਆਈ ਨਾਲ ਲੋਕਾਂ ਦਾ ਮੂੰਹ ਮਿੱਠੇ ਕਰਵਾਉਣ ਦੇ ਜਸ਼ਨਾਂ ਦਾ ਦੌਰ ਵੀ ਨਾਲੋ-ਨਾਲ ਜਾਰੀ ਰਿਹਾ। ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ’ਚ ਅੱਜ ਇੱਥੇ ਜੇਤੂ ਮਾਰਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦੀਆਂ ਜਿੱਤਾਂ ਇਤਿਹਾਸਕ ਹਨ ਅਤੇ ਇਨ੍ਹਾਂ ਨੂੰ ਉਹ ਪਾਰਟੀ ਦੀ ਕਾਰਜਸ਼ੈਲੀ ’ਤੇ ਜਨਤਕ ਮੋਹਰ ਮੰਨਦੇ ਹਨ। ਉਨ੍ਹਾਂ ਆਖਿਆ ਕਿ ਲੁਧਿਆਣਾ ’ਚ ਪੋਲ ਹੋਈਆਂ ਕੁੱਲ 90 ਹਜ਼ਾਰ ਵੋਟਾਂ ’ਚੋਂ 10 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਪਾਰਟੀ ਉਮੀਦਵਾਰ ਦੀ ਫ਼ਤਿਹ ਪਾਰਟੀ ਦੀ ਸ਼ਾਨਦਾਰ ਪ੍ਰਾਪਤੀ ਹੈ। ਉਨ੍ਹਾਂ ਆਖਿਆ ਕਿ ਇਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸੈਮੀਫ਼ਾਈਨਲ ਸੀ। ਉਨ੍ਹਾਂ ਕਿਹਾ ਕਿ ਪਾਰਟੀ ਅੱਗੇ ਜਾ ਕੇ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਕੇ ਲੋਕਾਂ ਦੇ ਮਨ ਦੇ ਹੋਰ ਨੇੜੇ ਜਾਵੇਗੀ। ਵਿਧਾਇਕ ਅਮੋਲਕ ਸਿੰਘ ਲੁਧਿਆਣਾ ਚੋਣ ’ਚ ਚੌਥੇ ਨੰਬਰ ’ਤੇ ਆਏ ਅਕਾਲੀ ਦਲ ’ਤੇ ਤਨਜ਼ ਕਸਣਾ ਵੀ ਨਾ ਭੁੱਲੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾਅਵਾ ਕਰਦੇ ਰਹੇ ਹਨ ਕਿ ਇਕੱਲੇ ਲੁਧਿਆਣੇ ਸ਼ਹਿਰ ’ਚ ਉਨ੍ਹਾਂ ਨੇ ਡੇਢ ਲੱਖ ਵਰਕਰ ਪਾਰਟੀ ’ਚ ਭਰਤੀ ਕੀਤੇ ਹਨ, ਪਰ ਉਥੇ ਤਾਂ ਦਲ ਦਾ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਿਆ। ਸੰਭਾਵੀ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਅਮੋਲਕ ਸਿੰਘ ਨੇ ਕਿਹਾ ਕਿ ਦੋਵੇਂ ਪਾਰਟੀਆਂ ਮਾਮੇ-ਭੂਆ ਦੀਆਂ ਭੈਣਾਂ ਤੇ ਮੌਕਾਪ੍ਰਸਤ ਹਨ, ਕਿਉਂ ਕਿ ਲੋਕਾਂ ’ਚ ਆਧਾਰ ਦੋਵਾਂ ਦਾ ਹੀ ਨਹੀਂ।

 

 

Advertisement