ਲੋਕ ਮੋਰਚਾ ਵੱਲੋਂ ਭਾਰਤ-ਅਮਰੀਕਾ ਵਪਾਰ ਵਾਰਤਾ ਖ਼ਿਲਾਫ਼ ਮੁਜ਼ਾਹਰਾ
ਅੱਜ ਲੋਕ ਮੋਰਚਾ ਪੰਜਾਬ ਵੱਲੋਂ ਭਾਰਤ-ਅਮਰੀਕਾ ਦਰਮਿਆਨ ਚੱਲ ਰਹੀ ਵਪਾਰ-ਵਾਰਤਾ ਖ਼ਿਲਾਫ਼ ਅੱਜ ਇੱਥੇ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ’ਚ ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਮੁਲਾਜ਼ਮ ਸ਼ਾਮਲ ਹੋਏ।
ਪ੍ਰਦਰਸ਼ਨ ਤੋਂ ਪਹਿਲਾਂ ਇੱਥੇ ਟੀਚਰਜ਼ ਹੋਮ ਵਿੱਚ ਇਕੱਠੇ ਹੋਏ ਮੁਜ਼ਾਹਰਾਕਾਰੀਆਂ ਨੇ ਸ਼ਹੀਦ ਊਧਮ ਸਿੰਘ ਨੂੰ ਅੱਜ ਉਨ੍ਹਾਂ ਦੇ ਸ਼ਹੀਦੀ ਦਿਨ ’ਤੇ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਅਮਰੀਕੀ ਸਾਮਰਾਜੀ ਦਾਬੇ ਹੇਠ ਹੋ ਰਹੀ ਅਮਰੀਕਾ-ਭਾਰਤ ਵਪਾਰ ਵਾਰਤਾ ਦਾ ਸਿੱਟਾ ਭਾਰਤੀ ਲੋਕਾਂ ਲਈ ਬੇਹੱਦ ਘਾਤਕ ਸਾਬਤ ਹੋਵੇਗਾ। ਇਸ ਕਰਕੇ ਭਾਰਤ ਸਰਕਾਰ ਨੂੰ ਇਸ ਸਮਝੌਤੇ ਵਾਰਤਾ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ।
ਸ਼ੀਰੀਂ ਨੇ ਕਿਹਾ ਕਿ ਇਸ ਸਮਝੌਤੇ ਰਾਹੀਂ ਅਮਰੀਕਾ ਵੱਲੋਂ ਭਾਰਤ ’ਤੇ ਅਮਰੀਕੀ ਵਸਤਾਂ ਲਈ ਆਪਣੀਆਂ ਦਰਾਮਦ ਡਿਊਟੀਆਂ ਘੱਟ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਡਿਊਟੀਆਂ ਘਟਾਉਣ ਕਰ ਕੇ ਨਾ ਸਿਰਫ ਖੇਤੀ ਮਾਰਕੀਟ ਅਮਰੀਕੀ ਉਤਪਾਦਾਂ ਲਈ ਖੁੱਲ੍ਹ ਜਾਵੇਗੀ ਅਤੇ ਭਾਰਤੀ ਕਿਸਾਨ ਤਬਾਹ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਰਾਹੀਂ ਭਾਰਤੀ ਸਨਅਤ ਉੱਤੇ ਵੀ ਬੇਹੱਦ ਮਾੜਾ ਪ੍ਰਭਾਵ ਪਵੇਗਾ ਅਤੇ ਭਾਰਤ ਦੀ ਘਰੇਲੂ ਅਤੇ ਛੋਟੀ ਸਨਅਤ ਅਮਰੀਕੀ ਵਸਤਾਂ ਦਾ ਮੁਕਾਬਲਾ ਨਹੀਂ ਕਰ ਸਕੇਗੀ।
ਆਗੂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਹਿਲਾਂ ਵੀ ਭਾਰਤੀ ਲੋਕਾਂ ਦੇ ਹਿੱਤਾਂ ਨੂੰ ਦਰਕਿਨਾਰ ਕਰਕੇ ਅਜਿਹੇ ਸਮਝੌਤਿਆਂ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਤਾਜ਼ਾ ਤਰੀਨ ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤਾ ਵੀ ਇਸ ਦੀ ਉਦਾਹਰਣ ਹੈ, ਜਿਸ ਦਾ ਭਾਰਤੀ ਛੋਟੇ ਉਦਯੋਗਾਂ ਅਤੇ ਖ਼ਪਤਕਾਰਾਂ ਉੱਤੇ ਵੱਡਾ ਪ੍ਰਭਾਵ ਪੈਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਅਜਿਹੇ ਪਹਿਲੇ ਸਮਝੌਤੇ ਰੱਦ ਹੋਣੇ ਚਾਹੀਦੇ ਹਨ ਸਗੋਂ ਅੱਗੇ ਤੋਂ ਹੋਰ ਅਜਿਹੇ ਸਮਝੌਤੇ ਕਰਨੇ ਬੰਦ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਪਾਰ ਦੇ ਮਾਮਲੇ ਵਿੱਚ ਭਾਰਤ ਨੂੰ ਅਮਰੀਕਾ ਅਤੇ ਹੋਰ ਸਾਮਰਾਜੀ ਮੁਲਕਾਂ ਦਾ ਦਬਾਅ ਮੰਨਣਾ ਬੰਦ ਕਰਨਾ ਚਾਹੀਦਾ ਹੈ ਅਤੇ ਸਮੂਹ ਫੈਸਲੇ ਭਾਰਤੀ ਲੋਕਾਂ ਦੇ ਹਿੱਤਾਂ ਅਨੁਸਾਰ ਲਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰਾ ਅਤੇ ਲੋਕਾਂ ਦੇ ਹਿੱਤ ਹੋਰਨਾਂ ਦੇਸ਼ਾਂ ਨਾਲ ਹੁੰਦੇ ਸਮਝੌਤਿਆਂ ਦੀ ਤਰਜੀਹ ਬਣਨੀ ਚਾਹੀਦੇ ਹਨ, ਨਾ ਕਿ ਸਾਮਰਾਜੀ ਦੇਸ਼ਾਂ ਦੇ ਮੁਨਾਫ਼ੇ, ਪਰ ਭਾਰਤ ਸਰਕਾਰ ਲਗਾਤਾਰ ਅਜਿਹੇ ਵਪਾਰ ਸਮਝੌਤਿਆਂ ਨੂੰ ਅੰਜ਼ਾਮ ਦੇ ਕੇ ਭਾਰਤੀ ਲੋਕਾਂ ਦੇ ਹਿਤਾਂ ਨਾਲ ਧ੍ਰੋਹ ਕਮਾ ਰਹੀ ਹੈ। ਉਨ੍ਹਾਂ ਲੋਕ ਮੋਰਚਾ ਪੰਜਾਬ ਵੱਲੋਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਵਾਰਤਾ ਨੂੰ ਸਿਰੇ ਚੜ੍ਹਨ ਤੋਂ ਰੋਕਣ ਲਈ ਅੱਗੇ ਹੋ ਕੇ ਨਿੱਤਰਣ।
ਇਸ ਮੌਕੇ ਲੈਂਡ ਪੂਲਿੰਗ ਨੀਤੀ ਰੱਦ ਕਰਨ, ਇਜ਼ਰਾਈਲ ਵੱਲੋਂ ਫ਼ਲਸਤੀਨ ’ਤੇ ਮੜ੍ਹੀਆਂ ਪਾਬੰਦੀਆਂ ਖਤਮ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਜੀਐੱਮ ਮੱਕੀ ਦੀ ਕਾਸ਼ਤ ਨੂੰ ਦਿੱਤੀ ਪ੍ਰਵਾਨਗੀ ਰੱਦ ਕਰਨ ਸਬੰਧੀ ਮਤੇ ਪਾਸ ਕੀਤੇ ਗਏ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗੁਰਮੁਖ ਸਿੰਘ ਨੇ ਬਾਖ਼ੂਬੀ ਨਿਭਾਈ ਅਤੇ ਨਿਰਮਲ ਸਿਵੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ।