ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਰਾਬ ਦੇ ਠੇਕੇਦਾਰਾਂ ਦਾ ਲਾਇਸੈਂਸ ਇੱਕ ਦਿਨ ਲਈ ਮੁਅੱਤਲ

ਬੇਨਿਯਮੀਆਂ ਦੇ ਦੋਸ਼ ਹੇਠ ਆਬਕਾਰੀ ਵਿਭਾਗ ਫ਼ਰੀਦਕੋਟ ਨੇ ਜਾਰੀ ਕੀਤੇ ਹੁਕਮ
ਮਨਾਹੀ ਦੇ ਬਾਵਜੂਦ ਖੁੱਲ੍ਹਿਆ ਹੋਇਆ ਸ਼ਰਾਬ ਦਾ ਠੇਕਾ।
Advertisement

ਆਬਕਾਰੀ ਵਿਭਾਗ ਨੇ ਫ਼ਰੀਦਕੋਟ ਵਿੱਚ ਸ਼ਰਾਬ ਦੇ ਦੋ ਠੇਕੇਦਾਰਾਂ ਨੂੰ ਬੇਨਿਯਮੀਆਂ ਕਰ ਕੇ ਸ਼ਰਾਬ ਵੇਚਣ ਦਾ ਕਸੂਰਵਾਰ ਮੰਨਦੇ ਹੋਏ ਅੱਜ ਇੱਕ ਦਿਨ ਲਈ ਉਨ੍ਹਾਂ ਦਾ ਲਾਇਸੈਂਸ ਮੁਅਤਲ ਕਰ ਦਿੱਤਾ ਸੀ ਤੇ ਨਾਲ ਹੀ ਆਦੇਸ਼ ਦਿੱਤੇ ਹਨ ਕਿ ਸਜ਼ਾ ਵਜੋਂ ਉਹ 27 ਜੁਲਾਈ ਨੂੰ ਫ਼ਰੀਦਕੋਟ ਵਿੱਚ ਠੇਕੇ ਖੁੱਲ੍ਹੇ ਨਹੀਂ ਰੱਖ ਸਕਦੇ। ਆਬਕਾਰੀ ਵਿਭਾਗ ਦੇ ਉਪ ਕਮਿਸ਼ਨਰ ਫ਼ਿਰੋਜ਼ਪੁਰ ਜ਼ੋਨ ਨੇ ਹੁਕਮ ਜਾਰੀ ਕਰ ਕੇ ਦੋਵਾਂ ਠੇਕੇਦਾਰਾਂ ਨੂੰ ਆਦੇਸ਼ ਦਿੱਤੇ ਸਨ ਕਿ ਉਨ੍ਹਾਂ ਨੇ ਸ਼ਰਾਬ ਦੀ ਵਿਕਰੀ ਸਮੇਂ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਕਰ ਕੇ ਸਜ਼ਾ ਵਜੋਂ ਉਨ੍ਹਾਂ ਦਾ ਲਾਇਸੈਂਸ ਇਕ ਦਿਨ ਲਈ ਮੁਅਤਲ ਕੀਤਾ ਜਾਂਦਾ ਹੈ ਤੇ ਉਹ ਇਸ ਫੈਸਲੇ ਅਨੁਸਾਰ ਇੱਕ ਦਿਨ ਲਈ ਸ਼ਰਾਬ ਦੀ ਵਿਕਰੀ ਨਹੀਂ ਕਰ ਸਕਣਗੇ। ਹੁਕਮ ਮੁਤਾਬਕ ਅੱਜ ਫ਼ਰੀਦਕੋਟ ਵਿੱਚ ਸਾਰੇ 200 ਸ਼ਰਾਬ ਦੇ ਠੇਕੇ ਬੰਦ ਰਹਿਣੇ ਸਨ ਪਰ ਇਸ ਦੇ ਉਲਟ ਅੱਜ ਸਵੇਰ ਤੋਂ ਸ਼ਾਮ ਤੱਕ ਲਗਪਗ ਸਾਰੇ ਠੇਕੇ ਆਮ ਵਾਂਗੂ ਖੁੱਲ੍ਹੇ ਸਨ। ਹਾਲਾਂਕਿ ਉਪ ਕਮਿਸ਼ਨਰ ਫ਼ਿਰੋਜ਼ਪੁਰ ਜ਼ੋਨ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਠੇਕੇ ਬੰਦ ਨਾ ਰੱਖੇ ਗਏ ਤਾਂ ਉਨ੍ਹਾਂ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਹੋਵੇਗੀ ਪਰ ਫ਼ਿਲਹਾਲ ਠੇਕੇਦਾਰਾਂ ਨੇ ਇਨ੍ਹਾਂ ਹੁਕਮਾਂ ਦੀ ਕੋਈ ਪਰਵਾਹ ਨਹੀਂ ਕੀਤੀ।

ਠੇਕੇਦਾਰ ਫੁਰਮਾਨ ਸਿੰਘ ਸੰਧੂ ਨਾਲ ਪੱਖ ਜਾਣਨ ਲਈ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਪ ਕਮਿਸ਼ਨਰ ਦੇ ਹੁਕਮਾਂ ਨੂੰ ਆਬਕਾਰੀ ਵਿਭਾਗ ਫ਼ਰੀਦਕੋਟ ਨੇ ਇੰਨ-ਬਿਨ ਲਾਗੂ ਕਰਵਾਉਣਾ ਸੀ ਪਰ ਆਬਕਾਰੀ ਵਿਭਾਗ ਨੇ ਸ਼ਾਮ ਤੱਕ ਕਿਸੇ ਵੀ ਠੇਕੇ ਨੂੰ ਬੰਦ ਕਰਵਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

Advertisement

ਜ਼ਿਲ੍ਹਾ ਆਬਕਾਰੀ ਅਧਿਕਾਰੀ ਕਰਮਬੀਰ ਸਿੰਘ ਨੇ ਵੀ ਇਸ ਪੂਰੇ ਮਾਮਲੇ ’ਤੇ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ।

Advertisement