ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਨਸਾ ’ਚ ਖੱਬੇ ਪੱਖੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕੇਂਦਰ ਖ਼ਿਲਾਫ਼ ਨਿਤਰਨ ਦਾ ਸੱਦਾ
ਮਾਨਸਾ ’ਚ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਖੱਬੇ ਪੱਖੀ ਆਗੂ। -ਫੋਟੋ: ਸੁਰੇਸ਼
Advertisement

ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵੱਲੋਂ ਅੱਜ ਇਥੇ ਇੱਕ ਫ਼ਿਰਕੂ ਫਾਸ਼ੀਵਾਦੀ ਹਮਲਿਆਂ ਖ਼ਿਲਾਫ਼ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਬੁਲਾਰਿਆਂ ਨੇ ਨਰਿੰਦਰ ਮੋਦੀ ਦੀ ਹਕੂਮਤ ਦੀਆਂ ਨੀਤੀਆਂ ਵਿਰੁੱਧ ਮੈਦਾਨ ਵਿੱਚ ਉਤਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰੀ ਹਕੂਮਤ ਵੱਲੋਂ ਨਿਆਂਪਾਲਿਕਾ, ਜਾਂਚ ਏਜੰਸੀਆਂ, ਧਾਰਮਿਕ, ਸਮਾਜਿਕ ਅਤੇ ਇਤਿਹਾਸ ਵਰਗੇ ਖੇਤਰਾਂ ਸਮੇਤ ਚੋਣ ਕਮਿਸ਼ਨਰ ਦੀ ਆਪਣੇ ਸੌੜੇ ਮਨੋਰਥਾਂ ਲਈ ਦੁਰਵਰਤੋਂ ਕੀਤੀ ਜਾਣ ਲੱਗੀ ਹੈ। ਇਸ ਕਨਵੈਨਸ਼ਨ ਤੋਂ ਬਾਅਦ ਪੰਜਾਬ ਸਰਕਾਰ ਖ਼ਿਲਾਫ਼ ਖੱਬੀ ਪੱਖੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ।

ਕਨਵੈਨਸ਼ਨ ਨੂੰ ਸੀਪੀਆਈ ਵੱਲੋਂ ਕੇਂਦਰੀ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਇਨਕਲਾਬੀ ਕੇਂਦਰ ਪੰਜਾਬ ਪ੍ਰਧਾਨ ਕਾਮਰੇਡ ਮੁਖਤਿਆਰ ਸਿੰਘ ਪੂਹਲਾ ਅਤੇ ਆਰਐੱਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਮਹੀਪਾਲ ਨੇ ਮੁੱਖ ਰੂਪ ’ਚ ਸੰਬੋਧਨ ਕੀਤਾ।

Advertisement

ਬੁਲਾਰਿਆਂ ਨੇ ਦੱਸਿਆ ਕਿ ਪਹਿਲਗਾਮ ਕਤਲੇਆਮ ’ਤੇ ਪਾਕਿਸਤਾਨ ਨਾਲ ਹੋਈ ਸੀਮਤ ਝੜਪ ਬਾਰੇ ਮੋਦੀ ਸਰਕਾਰ ਜਨਤਾ ਤੋਂ ਸੱਚਾਈ ਨੂੰ ਛੁਪਾਉਣ ਲਈ ਹਰ ਹਰਬਾ ਵਰਤ ਰਹੀ ਹੈ। ਉਨ੍ਹਾਂ ਟਰੰਪ ਵੱਲੋਂ ਭਾਰਤ ਉੱਤੇ 50 ਫੀਸਦੀ ਟੈਰਿਫ ਲਾਉਣ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦੀ ਖੇਤੀ ਪੈਦਾਵਾਰ, ਸਹਾਇਕ ਧੰਦਿਆਂ ਤੇ ਛੋਟੀ ਸਨਅਤ ਤੇ ਪ੍ਰਚੂਨ ਖੇਤਰ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੂੰ ਇਸ ਸਾਮਰਾਜੀ ਧੱਕੇਸ਼ਾਹੀ ਖ਼ਿਲਾਫ਼ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ। ਬੁਲਾਰਿਆਂ ਨੇ ਕੀਮਤੀ ਖਣਿਜ ਪਦਾਰਥ ਨਾਲ ਭਰਪੂਰ ਕੇਂਦਰੀ ਭਾਰਤ ਦੇ ਆਦਿਵਾਸੀ ਖੇਤਰ ਦੀ ਲੁੱਟ ਦਾ ਰਾਹ ਪੱਧਰਾ ਕਰਨ ਲਈ ਸਥਾਨਕ ਆਦੀਵਾਸੀਆਂ ਦੀ ਆਪਣੇ ਜਲ, ਜੰਗਲ ਅਤੇ ਜ਼ਮੀਨ ਨੂੰ ਬਚਾਉਣ ਦੀ ਜੱਦੋ-ਜਹਿਦ ਨੂੰ ਮਾਓਵਾਦੀਆਂ ਦੇ ਸਫਾਏ ਦੀ ਮੁਹਿੰਮ ਦੀ ਆੜ ਵਿੱਚ ਕੁਚਲਣ ਦੀ ਸਖ਼ਤ ਨਿੰਦਾ ਕੀਤੀ।

ਕਨਵੈਨਸ਼ਨ ਦੌਰਾਨ ਭਾਜਪਾ ਦੀ ਤਰਜ਼ ’ਤੇ ਬੁਰੀ ਤਰ੍ਹਾਂ ਨਾਕਾਮ ਹੋ ਰਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਨੂੰ ਪੁਲੀਸ ਰਾਜ ਵਿੱਚ ਬਦਲਣ, ਝੂਠੇ ਪੁਲੀਸ ਮੁਕਾਬਲਿਆਂ ਨੂੰ ਹੱਲਾਸ਼ੇਰੀ ਦੇਣ, ਹੱਕੀ ਜਨਤਕ ਸੰਘਰਸ਼ਾਂ ਉਤੇ ਜਬਰ ’ਤੇ ਆਗੂਆਂ ਉਪਰ ਝੂਠੇ ਕੇਸ ਮੜ੍ਹਨ ਨੂੰ ਗੈਰ-ਜਮਹੂਰੀ ਤੇ ਘਾਤਕ ਰੁਝਾਨ ਕਰਾਰ ਦਿੱਤਾ।

ਕਨਵੈਨਸ਼ਨ ਦੌਰਾਨ ਗੁਰਨਾਮ ਸਿੰਘ ਭੀਖੀ ਵੱਲੋਂ ਪੇਸ਼ ਪੰਜ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਿਤ ਕੀਤਾ। ਇਨ੍ਹਾਂ ਮਤਿਆਂ ਵਿੱਚ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਵਲੋਂ ਉੱਘੇ ਲੇਖਕਾਂ ਦੀਆਂ ਕਸ਼ਮੀਰ ਬਾਰੇ ਲਿਖੀਆਂ 25 ਕਿਤਾਬਾਂ ਉਤੇ ਪਾਬੰਦੀ ਲਾਉਣ ਦਾ ਵਿਰੋਧ, ਚੋਣ ਕਮਿਸ਼ਨ ਵਲੋਂ ਬੀਜੇਪੀ ਨੂੰ ਫਾਇਦਾ ਪਹੁੰਚਾਉਣ ਲਈ 65 ਲੱਖ ਵੋਟਾਂ ਕੱਟਣ ਦਾ ਵਿਰੋਧ, ਪੰਜਾਬ ਸਰਕਾਰ ਵਲੋਂ ਉਪਜਾਊ ਜ਼ਮੀਨ ਮੁਫ਼ਤ ’ਚ ਵੱਡੇ ਬਿਲਡਰਾਂ ਦੇ ਹਵਾਲੇ ਕਰਨ ਵਾਲੀ ਲੈਂਡ ਪੂਲਿੰਗ ਸਕੀਮ ਵਾਪਸ ਲੈਣ ਦੀ ਮੰਗ ਕੀਤੀ ਗਈ।

ਇਸ ਮੌਕੇ ਰੁਲਦੂ ਸਿੰਘ, ਨਛੱਤਰ ਸਿੰਘ, ਰਾਜਵਿੰਦਰ ਰਾਣਾ, ਹਰਭਗਵਾਨ ਭੀਖੀ, ਲਾਲ ਚੰਦ ਸਰਦੂਲਗੜ੍ਹ, ਅਮਰੀਕ ਸਿੰਘ ਫਫੜੇ, ਦਲਜੀਤ ਸਿੰਘ ਮਾਨਸ਼ਾਹੀਆ, ਨਰਿੰਦਰ ਕੌਰ ਬੁਰਜ ਹਮੀਰਾ, ਬਲਵਿੰਦਰ ਕੌਰ ਖਾਰਾ, ਮਾਸਟਰ ਛੱਜੂ ਰਾਮ ਰਿਸ਼ੀ, ਰਤਨ ਭੋਲਾ ਤੇ ਜਗਮੇਲ ਸਿੰਘ ਨੇ ਵੀ ਸੰਬੋਧਨ ਕੀਤਾ।

Advertisement