ਹਰਿਆਣਾ ’ਚ ਕਾਨੂੰਨ ਵਿਵਸਥਾ ਫੇਲ੍ਹ: ਸ਼ੈਲਜਾ
ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਸੂਬੇ ਵਿੱਚ ਭਾਜਪਾ ਸਰਕਾਰ ਆਪਣੇ ਇੱਕ ਸਾਲ ਦੇ ਕਾਰਜਕਾਲ ਦਾ ਜਸ਼ਨ ਮਨਾ ਰਹੀ ਹੈ, ਜਦੋਂਕਿ ਸੂਬੇ ਵਿੱਚ ਲੋਕਾਂ ਨੂੰ ਕੁਸ਼ਾਸਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਸਰਕਾਰ ਦੇ ਨੱਕ ਹੇਠ ਨਸ਼ੇ ਵਿਕ ਰਹੇ ਹਨ। ਅਪਰਾਧ ਵੱਧ ਰਿਹਾ ਹੈ। ਉਹ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਬਾਰ ਕੰਪਲੈਕਸ ਵਿੱਚ ਐਸੋਸੀਏਸ਼ਨ ਦੇ ਗੋਲਡਨ ਜੁਬਲੀ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ਼ੈਲਜਾ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਭਾਜਪਾ ਸੂਬੇ ਵਿੱਚ ਸੱਤਾ ਵਿੱਚ ਹੈ। ਇਸ ਦੇ ਸ਼ਾਸਨ ਨੂੰ ਸ਼ਾਸਨ ਨਹੀਂ ਕਿਹਾ ਜਾ ਸਕਦਾ, ਸਗੋਂ ਕੁਸ਼ਾਸਨ ਕਿਹਾ ਜਾ ਸਕਦਾ ਹੈ, ਕਿਉਂਕਿ ਵਿਕਾਸ ਦੇ ਨਾਮ ’ਤੇ ਕੁਝ ਵੀ ਨਹੀਂ ਹੋਇਆ ਹੈ। ਸੂਬੇ ਵਿੱਚ ਬੇਰੁਜ਼ਗਾਰੀ ਅਤੇ ਅਪਰਾਧ ਤੇਜ਼ੀ ਨਾਲ ਵੱਧ ਰਹੇ ਹਨ। ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ। ਪੁਲੀਸ ਦੀ ਨੱਕ ਹੇਠ ਨਸ਼ੇ ਵਿਕ ਰਹੇ ਹਨ। ਨੌਜਵਾਨ ਤੇ ਵਿਦਿਆਰਥੀ ਇਨ੍ਹਾਂ ਦਾ ਸ਼ਿਕਾਰ ਹੋ ਗਏ ਹਨ। ਐੱਸ ਆਈ ਆਰ ਬਾਰੇ ਪੁੱਛਣ ’ਤੇ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਬਿਹਾਰ ਵਿੱਚ ਇਸਦੇ ਸਮੇਂ ਬਾਰੇ ਸਵਾਲ ਉਠਾਏ ਜਾ ਰਹੇ ਹਨ ਕਿਉਂਕਿ ਉੱਥੇ ਚੋਣਾਂ ਹੋ ਰਹੀਆਂ ਹਨ। ਹਰਿਆਣਾ ਦੇ ਨੌਜਵਾਨਾਂ ਨੂੰ ਅਮਰੀਕਾ ਤੋਂ ਕੱਢੇ ਜਾਣ ਬਾਰੇ ਸ਼ੈਲਜਾ ਨੇ ਕਿਹਾ ਕਿ ਇਸ ਸਮੱਸਿਆ ਦੀ ਜੜ੍ਹ ਬੇਰੁਜ਼ਗਾਰੀ ਹੈ। ਹਰਿਆਣਾ ਦੇ ਨੌਜਵਾਨ ਨੌਕਰੀਆਂ ਨਹੀਂ ਲੱਭ ਪਾ ਰਹੇ ਹਨ। ਸਰਕਾਰ ਨੂੰ ਪਹਿਲਾਂ ਉਨ੍ਹਾਂ ਏਜੰਸੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸੰਸਦ ਮੈਂਬਰ ਦਾ ਸਨਮਾਨ ਕੀਤਾ।
