ਲੈਂਡ ਪੂਲਿੰਗ ਪਾਲਿਸੀ: ਕਾਂਗਰਸੀਆਂ ਵੱਲੋਂ ਗਵਰਨਰ ਦੇ ਨਾਂ ਪੱਤਰ
ਕਾਂਗਰਸ ਪਾਰਟੀ ਵੱਲੋਂ ‘ਲੈਂਡ ਪੂਲਿੰਗ ਸਕੀਮ’ ਰੱਦ ਕੀਤੇ ਜਾਣ ਦੀ ਮੰਗ ਲੈ ਕੇ ਰਾਜਪਾਲ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।
ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਵਿਧਾਨ ਸਭਾ ਹਲਕਾ ਜੈਤੋ ਦੇ ਪਾਰਟੀ ਕੋਆਰਡੀਨੇਟਰ ਕੇਵਲ ਕ੍ਰਿਸ਼ਨ ਅਗਰਵਾਲ, ਮਾਰਕਫ਼ੈੱਡ ਪੰਜਾਬ ਦੇ ਡਾਇਰੈਕਟਰ ਟਹਿਲ ਸਿੰਘ ਸੰਧੂ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਆਦਿ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਸਕੀਮ ਨੀਤੀ ਤਹਿਤ ਕਿਸਾਨੀ ਖਿੱਤੇ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਅਜਿਹਾ ਹੋਣ ਦੀ ਸਥਿਤੀ ’ਚ ਸੂਬੇ ਦੀ ਅਰਥ ਵਿਵਸਥਾ ਖਤਮ ਹੋ ਜਾਵੇਗੀ ਕਿਉਂਕਿ ਖੇਤੀ ਧੰਦੇ ਤੋਂ ਹੀ ਪੰਜਾਬ ਨੂੰ 80 ਹਜ਼ਾਰ ਕਰੋੜ ਰੁਪਏ ਸਾਲਾਨਾ ਦੀ ਆਮਦਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਖੇਤੀ ਆਸਰੇ ਹੀ ਸੂਬੇ ਦੇ ਸਾਰੇ ਕਾਰੋਬਾਰ ਚੱਲਦੇ ਹਨ ਅਤੇ ਜੇ ਇਸ ਸਕੀਮ ਨਾਲ ਕਿਸਾਨਾਂ ਤੋਂ ਜ਼ਮੀਨ ਖੋਹ ਲਈ ਗਈ, ਤਾਂ ਫਿਰ ਸੂਬੇ ਦੀ ਅਰਥ ਵਿਵਸਥਾ ਨੂੰ ਕੋਈ ਨਹੀਂ ਬਚਾ ਸਕੇਗਾ।
ਉਨ੍ਹਾਂ ਕਿਹਾ ਕਿ ਜਿਸ ਕਰ ਕੇ ਕਾਂਗਰਸ ਪਾਰਟੀ ਇਸ ਨੀਤੀ ਦਾ ਵਿਰੋਧ ਕਰਦੀ ਹੋਈ, ਮੰਗ ਕਰਦੀ ਹੈ ਕਿ ਸਕੀਮ ਨੂੰ ਮੁੱਢੋਂ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ’ਚ ਜਦੋਂ ਵੀ ਕਾਂਗਰਸ ਦੀ ਸਰਕਾਰ ਆਈ, ਤਾਂ ਇਸ ਤਰਜੀਹੀ ਆਧਾਰ ’ਤੇ ਇਸ ਨੀਤੀ ਨੂੰ ਰੱਦ ਕਰਕੇ ਐਕੁਆਇਰ ਕੀਤੀਆਂ ਜ਼ਮੀਨਾਂ ਕਿਸਾਨਾਂ ਨੂੰ ਵਾਪਿਸ ਕੀਤੀਆਂ ਜਾਣਗੀਆਂ।