ਲੈਂਡ ਪੂਲਿੰਗ ਨੀਤੀ: ਆਜ਼ਾਦ ਸਮਾਜ ਪਾਰਟੀ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ
ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਹੋਣ ਵਾਲੇ ਕਿਸਾਨ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਪੰਜਾਬ ਇੰਚਾਰਜ ਹਿਤੇਸ਼ ਮਾਹੀ ਅਤੇ ਸੂਬਾ ਕਮੇਟੀ ਮੈਂਬਰ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਾਢੇ ਤਿੰਨ ਸਾਲਾਂ ਦੇ ਰਾਜਕਾਲ ਨੇ ਸਾਬਤ ਕਰ ਦਿੱਤਾ ਹੈ ਕਿ ਸੱਤਾਨਸ਼ੀਨ ਪਾਰਟੀ, ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨਾਲੋਂ ਕਿਸੇ ਵੀ ਪੱਖੋਂ ਵੱਖਰੀ ਨਹੀਂ। ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ‘ਆਪ’ ਵੱਲੋਂ ਦਿੱਤੀਆਂ ਗਾਰੰਟੀਆਂ ਦੇ ਉਲਟ ਮਜ਼ਦੂਰਾਂ ਤੇ ਕਿਸਾਨਾਂ ਨੂੰ ਜ਼ਮੀਨਾਂ ਅਤੇ ਰੁਜ਼ਗਾਰ ਤੋਂ ਨਿਖੇੜਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿੱਚ ਬੀਤੇ ਦਿਨੀਂ ਲੈਂਡ ਪੂਲਿੰਗ ਨੀਤੀ ਬਾਰੇ ਹੋਈ ਮੀਟਿੰਗ ਵਿੱਚ ਸਿਆਸੀ ਲੀਡਰਾਂ ਦਾ ਪਹੁੰਚਣਾ ਮਹਿਜ਼ ਡਰਾਮਾ ਸੀ ਕਿਉਂ ਕਿ ਦੇਸ਼ ਅੰਦਰ ਜਲ, ਜੰਗਲ, ਜ਼ਮੀਨਾਂ ਨੂੰ ਕਾਰਪੋਰੇਟਾਂ ਦੇ ਹੱਥਾਂ ’ਚ ਦੇਣਾ ਭਾਜਪਾ, ਕਾਂਗਰਸ ਅਤੇ ਭਾਈਵਾਲ ਪਾਰਟੀਆਂ ਦੀ ਨੀਤੀ ਦੀ ਦੇਣ ਹੀ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਅੰਦਰ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰ ਕੇ ਵਾਧੂ ਜ਼ਮੀਨਾਂ 40 ਪ੍ਰਤੀਸ਼ਤ ਦਲਿਤਾਂ ਅਤੇ ਬੇ-ਜ਼ਮੀਨਿਆਂ ’ਚ ਵੰਡੀਆਂ ਜਾਣ।