ਜ਼ਮੀਨ ਐਕੁਆਇਰ ਮਾਮਲਾ: ਸੰਯੁਕਤ ਕਿਸਾਨ ਮੋਰਚਾ ਵੱਲੋਂ ਵਿਧਾਇਕ ਦੀ ਰਿਹਾਇਸ਼ ਘੇਰਨ ਦਾ ਐਲਾਨ
ਪੱਤਰ ਪ੍ਰੇਰਕ
ਮਾਨਸਾ, 19 ਜੂਨ
ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਮੀਨਾਂ ਐਕੁਆਇਰ ਕਰਨ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਤੱਕ ਮੰਗ ਪੱਤਰ ਭੇਜਣ ਤੋਂ ਬਾਅਦ ਹੁਣ ਵਜ਼ੀਰਾਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਪਿੱਟ-ਸਿਆਪਾ ਕਰਨ ਦਾ ਫੈਸਲਾ ਕੀਤਾ ਹੈ। ਮੋਰਚੇ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਮੰਗ ਪੱਤਰ ਦੇਣ ਤੋਂ ਬਾਅਦ ਨੇੜਲੇ ਪਿੰਡ ਠੂਠਿਆਂਵਾਲੀ ਦੀ 212 ਏਕੜ ਜ਼ਮੀਨ ਅਰਬਨ ਅਸਟੇਟ ਲਈ ਐਕੁਆਇਰ ਕਰਨ ਖ਼ਿਲਾਫ਼ ਹੁਣ ਸਰਕਾਰ ਨਾਲ ਸਿੱਧੀ ਟੱਕਰ ਲੈਣ ਲਈ 26 ਜੂਨ ਨੂੰ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੀ ਘਰ ਮੂਹਰੇ ਤਿੰਨ ਘੰਟਿਆਂ ਲਈ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਵੱਲੋਂ ਇਹ ਐਲਾਨ ਅੱਜ ਇਥੇ ਸ਼ਾਮ ਨੂੰ ਕੀਤਾ ਗਿਆ।
ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਜ਼ਮੀਨਾਂ ਐਕੁਆਇਰ ਕਰਨ ਸਬੰਧੀ ਹੁਣ ਅਧਿਕਾਰੀਆਂ ਨੂੰ ਇਕੱਲੇ ਮੰਗ ਪੱਤਰ ਦੇਕੇ ਨਹੀਂ ਸਰਨਾ ਹੈ, ਸਗੋਂ ਆਮ ਆਦਮੀ ਪਾਰਟੀ ਦੇ ਵਜ਼ੀਰਾਂ ਤੇ ਵਿਧਾਇਕਾਂ ਨਾਲ ਸਿੱਧੀ ਟੱਕਰ ਲੈਣ ਨਾਲ ਹੀ ਸੰਘਰਸ਼ ਨੇ ਜਿੱਤ ਵੱਲ ਜਾਣਾ ਹੈ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਵੀ ਪੰਜਾਬ ਸਰਕਾਰ ਵੱਲੋਂ ਜ਼ਮੀਨ ਐਕੁਆਇਰ ਕੀਤੀਆਂ ਜਾ ਰਹੀਆਂ ਹਨ, ਉਥੋਂ ਦੇ ਵਿਧਾਇਕਾਂ ਅਤੇ ਵਜ਼ੀਰਾਂ ਨਾਲ ਆਢਾ ਲਾਉਣ ਨਾਲ ਹੀ ਲੋਕ ਏਕਤਾ ਦੀ ਸਫ਼ਲਤਾ ਹੋਵੇਗੀ।
ਇਸ ਤੋਂ ਪਹਿਲਾਂ ਜ਼ਮੀਨ ਬਚਾਓ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਦੇ ਨਾਮ ਜ਼ਮੀਨ ਐਕੁਆਇਰ ਕਰਨ ਦਾ ਨੋਟੀਫਿਕੇਸ਼ਨ ਰੱਦ ਕਰਵਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਰੁਲਦੂ ਸਿੰਘ ਮਾਨਸਾ, ਬੋਘ ਸਿੰਘ ਮਾਨਸਾ, ਕੁਲਦੀਪ ਸਿੰਘ ਚੱਕ ਭਾਈਕੇ, ਅਮਰੀਕ ਸਿੰਘ ਫਫੜੇ, ਮਹਿੰਦਰ ਸਿੰਘ ਭੈਣੀਬਾਘਾ, ਨਿਰਮਲ ਸਿੰਘ ਝੰਡੂਕੇ, ਭਜਨ ਸਿੰਘ ਘੁੰਮਣ, ਸੁੱਚਾ ਸਿੰਘ ਫਰੀਦਕੇ ਤੇ ਨਰਿੰਦਰ ਕੌਰ ਬੁਰਜ ਹਮੀਰਾ ਵੱਲੋਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਫਿਜ਼ਾ ਵਿੱਚ ਗੂੰਜਦੇ ਦਿਖਾਈ ਨਹੀਂ ਦੇ ਰਹੇ ਅਤੇ ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਕਾਰਨ ਚਾਹੇ ਕੁਝ ਵੀ ਹੋਣ ਪੰਜਾਬ ਦੇ ਹਰੇਕ ਮਸਲੇ ਵਿੱਚ ਦਿੱਲੀ ਤੋਂ ਕੀਤੀ ਜਾ ਰਹੀ ਦਖਲਅੰਦਾਜ਼ੀ ਪੰਜਾਬ ਦੇ ਸੰਘਰਸ਼ੀ ਲੋਕਾਂ ਲਈ ਹੋਂਦ ਬਚਾਉਣ ਵਾਸਤੇ ਸਰਕਾਰ ਖ਼ਿਲਾਫ਼ ਡੱਟਣ ਦੀ ਵਜ੍ਹਾ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਠੂਠਿਆਂਵਾਲੀ ਦੀ ਵਸੋਂ ਅਤੇ ਵਾਹੀਯੋਗ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਲੋਕ ਕਿਸੇ ਵੀ ਕੀਮਤ ’ਤੇ ਨਹੀਂ ਦੇਣਗੇ।
ਇਸ ਮੌਕੇ ਪਰਮਜੀਤ ਸਿੰਘ ਗਾਗੋਵਾਲ, ਪ੍ਰਸ਼ੋਤਮ ਸਿੰਘ ਗਿੱਲ, ਸੁਖਚਰਨ ਦਾਨੇਵਾਲੀਆ, ਲਛਮਣ ਸਿੰਘ ਚੱਕ ਅਲੀਸ਼ੇਰ, ਮੇਜਰ ਸਿੰਘ ਦੂਲੋਵਾਲ ਸੁੱਚਾ ਸਿੰਘ ਮਲਕੋਂ, ਜਗਤਾਰ ਸਿੰਘ ਅਤੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਜਸਵੀਰ ਸਿੰਘ, ਹਰਬੰਸ ਸਿੰਘ ਤੇ ਹਰਚਰਨ ਸਿੰਘ ਨੇ ਕਿਹਾ ਕਿ 26 ਜੂਨ ਨੂੰ ਵਿਧਾਇਕ ਵਿਜੈ ਸਿੰਗਲਾ ਦੇ ਘਰ ਅੱਗੇ 3 ਘੰਟੇ ਪੀੜਤ ਕਿਸਾਨ ਰੋਸ ਧਰਨਾ ਦੇਣਗੇ ਅਤੇ ਬਾਅਦ ਵਿੱਚ ਸ਼ਹਿਰ ਅੰਦਰ ਰੋਸ ਮੁਜ਼ਾਹਰਾ ਕੀਤਾ ਜਾਵੇਗਾ।