ਪੀਆਰਟੀਸੀ ਦੀ ਬੱਸ ਚੋਰੀ ਕਰਨ ਵਾਲਾ ਲੰਬੂ ਗ੍ਰਿਫ਼ਤਾਰ
ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੌੜ ’ਚੋਂ ਪੀਆਰਟੀਸੀ ਬੱਸ ਚੋਰੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਕਾਰਵਾਈ ਕਰਦਿਆਂ ਮੁਲਜ਼ਮ 48 ਘੰਟਿਆਂ ’ਚ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੜਤਾਲ ਮਗਰੋਂ ਸ਼ੱਕ ਦੇ ਆਧਾਰ ’ਤੇ ਅਮਨਿੰਦਰ ਸਿੰਘ ਉਰਫ ਲੰਬੂ ਵਾਸੀ ਮੌੜ ਨੂੰ ਹਿਰਾਸਤ ’ਚ ਲਿਆ ਗਿਆ ਹੈ। ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਮੌੜ ਵਿੱਚ ਦਰਜ ਪੀਆਰਟੀਸੀ ਬੱਸ ਚੋਰੀ ਮਾਮਲੇ ਦੀ ਪੜਤਾਲ ਲਈ ਥਾਣਾ ਮੌੜ ਅਤੇ ਸੀਆਈਏ ਸਟਾਫ-2 ਬਠਿੰਡਾ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਅਤੇ ਮਨੁੱਖੀ ਸਰੋਤਾਂ ਰਾਹੀਂ ਜਾਂਚ ਅੱਗੇ ਵਧਾਈ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਵਿੱਚੋਂ ਕੁਝ ਚਾਬੀਆਂ ਅਤੇ ਇੱਕ ਛੋਟੀ ਛੁਰੀ ਵੀ ਬਰਾਮਦ ਹੋਈ ਹੈ। ਬਠਿੰਡਾ ਪੁਲੀਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲੀਸ ਥਾਣੇ ਜਾਂ 112 ’ਤੇ ਦਿੱਤੀ ਜਾਵੇ ਤਾਂ ਜੋ ਸ਼ਹਿਰ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ।