ਮਜ਼ਦੂਰ ਜਥੇਬੰਦੀਆਂ ਡੀ ਸੀ ਦਫ਼ਤਰ ਅੱਗੇ ਮੋਰਚਾ ਲਾਉਣਗੀਆਂ
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਇੱਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ‘ਚਿਤਾਵਨੀ ਰੈਲੀ’ ਕਰ ਕੇ 17 ਨਵਬੰਰ ਨੂੰ ਇਸੇ ਜਗ੍ਹਾ ’ਤੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ। ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਮਿੱਠੂ ਸਿੰਘ ਘੁੱਦਾ, ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੁਖਪਾਲ ਸਿੰਘ ਖਿਆਲੀ ਵਾਲਾ, ਖੇਤ ਮਜ਼ਦੂਰ ਯੂਨੀਅਨ ਦੇ ਮਨਦੀਪ ਸਿਵੀਆਂ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਕਾਸ਼ ਸਿੰਘ ਨੰਦਗੜ, ਮਜ਼ਦੂਰ ਮੁਕਤੀ ਮੋਰਚਾ ਦੇ ਅਮੀ ਲਾਲ ਬਲਾਹੜ ਮਹਿਮਾ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਨਛੱਤਰ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ’ਤੇ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਵਿੱਚ ਫੇਲ੍ਹ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਦੇ ਬੰਦ ਪਏ ਕੰਮ ਨੂੰ ਚਾਲੂ ਕੀਤਾ ਜਾਵੇ। ਮੀਂਹ ਨਾਲ ਡਿੱਗੇ ਅਤੇ ਖਸਤਾ ਹਾਲ ਹੋਏ ਮਕਾਨਾਂ ਲਈ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ। ਮਹਿਲਾਵਾਂ ਨੂੰ 1100 ਰੁਪਏ/ਮਾਸਿਕ ਪੈਨਸ਼ਨ ਦਿੱਤੀ ਜਾਵੇ। ਬੁਢਾਪਾ, ਵਿਧਵਾ ਤੇ ਆਸ਼ਰਿਤ ਪੈਨਸ਼ਨ ’ਚ ਵਾਧਾ ਕਰ ਕੇ ਪੰਜ ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ। ਸਰਕਾਰੀ, ਗ਼ੈਰ ਸਰਕਾਰੀ ਬੈਂਕਾਂ ਅਤੇ ਮਾਈਕਰੋ ਫਾਇਨਾਂਸ ਕੰਪਨੀਆਂ ਤੋਂ ਲਏ ਕਰਜ਼ੇ, ਕਰਜ਼ਈਆਂ ਦੇ ਮੁਆਫ਼ ਕੀਤੇ ਜਾਣ। ਅਲਾਟ ਕੀਤੇ ਪਲਾਟਾਂ ਦੇ ਕਬਜ਼ੇ ਦਿੱਤੇ ਜਾਣ। ਲੋੜਵੰਦਾਂ ਨੂੰ 10-10 ਮਰਲੇ ਦੇ ਮੁਫ਼ਤ ਰਿਹਾਇਸ਼ੀ ਪਲਾਟ ਦਿੱਤੇ ਜਾਣ। ਆਗੂਆਂ ਨੇ ਕਿਹਾ ਕਿ ਉਕਤ ਤੋਂ ਇਲਾਵਾ ਜੇਕਰ ਮਜ਼ਦੂਰਾਂ ਦੀਆਂ ਤਮਾਮ ਮੰਗਾਂ 15 ਨਵੰਬਰ ਤੱਕ ਪੂਰੀਆਂ ਨਾ ਕੀਤੀਆਂ ਗਈਆਂ, ਤਾਂ ਮਜ਼ਦੂਰਾਂ ਦੇ ਸਾਂਝੇ ਮੋਰਚੇ ਵਲੋਂ 17 ਨਵੰਬਰ ਤੋਂ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
