ਕੋਟਕਪੂਰਾ ਵਾਸੀ ਪਾਣੀ ਨੂੰ ਤਰਸੇ
ਸ਼ਹਿਰ ਵਾਸੀਆਂ ਨੂੰ ਪਿਛਲੇ ਇੱਕ ਮਹੀਨੇ ਤੋਂ ਬਾਅਦ ਪੀਣ ਵਾਲਾ ਪਾਣੀ ਮਿਲਿਆ ਹੈ, ਪਰ ਕਈ ਮੁਹੱਲਿਆਂ ਵਿੱਚ ਪੁੱਜੇ ਪਾਣੀ ਵਿਚੋਂ ਬਦਬੂ ਆ ਰਹੀ ਹੈ। ਪ੍ਰੇਮ ਨਗਰ, ਹੀਰਾ ਸਿੰਘ ਨਗਰ ਅਤੇ ਪ੍ਰਤਾਪ ਨਗਰ ਦੇ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਪਾਣੀ ਆਉਣ ਦੀ ਖ਼ੁਸ਼ੀ ਹੋਈ ਸੀ ਪਰ ਬਾਅਦ ’ਚ ਪਤਾ ਲੱਗਿਆ ਕਿ ਇਹ ਪਾਣੀ ਪੀਣ ਯੋਗ ਨਹੀਂ ਹੈ।
ਜੀਵਨ ਕੁਮਾਰ ਅਤੇ ਵੀ ਪੀ ਸਿੰਘ ਨੇ ਦੱਸਿਆ ਕਿ ਢੈਪਈ ਵਾਲੀ ਨਹਿਰ ਵਿੱਚ ਪੰਜ ਅਕਤੂਬਰ ਤੋਂ ਬੰਦੀ ਆਈ ਹੋਈ ਹੈ। ਵਾਟਰ ਵਰਕਰ ਕੋਲ ਬੰਦੀ ਮਗਰੋਂ ਸਿਰਫ਼ 5 ਤੋਂ 7 ਦਿਨ ਤੱਕ ਪਾਣੀ ਭੰਡਾਰ ਰੱਖਣ ਦੀ ਸਮਰੱਥਾ ਹੈ, ਉਸ ਤੋਂ ਬਾਅਦ ਪਾਣੀ ਟਿਊਬਵੈੱਲ ਰਾਹੀਂ ਸਪਲਾਈ ਕੀਤਾ ਜਾਂਦਾ ਹੈ। ਕਈ ਦਿਨਾਂ ਤੋਂ ਟਿਊਬਵੈੱਲ ਦੀ ਮੋਟਰ ਖ਼ਰਾਬ ਹੋਣ ਕਾਰਨ ਪਾਣੀ ਦੀ ਸਪਲਾਈ ਨਾ ਮਾਤਰ ਹੀ ਸੀ। ਉਨ੍ਹਾਂ ਦੱਸਿਆ ਕਿ ਹੁਣ ਮੰਗਲਵਾਰ ਨੂੰ ਟਿਊਬਵੈੱਲ ਠੀਕ ਕਰਵਾ ਕੇ ਪਾਣੀ ਦੀ ਸਪਲਾਈ ਚਾਲੂ ਕੀਤੀ ਪਰ ਬਹੁਤੇ ਘਰਾਂ ਤੱਕ ਪਾਣੀ ਪਹੁੰਚਿਆ ਹੀ ਨਹੀਂ। ਇਹ ਪਾਣੀ ਜਿਥੇ ਪਹੁੰਚਿਆ, ਉਸ ਵਿੱਚੋਂ ਵੀ ਬਦਬੂ ਆਉਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਨਹਿਰ ਦੀ ਬੰਦੀ ਬਾਰੇ ਸ਼ਹਿਰ ਵਾਸੀਆਂ ਨੂੰ ਪਹਿਲਾਂ ਸੂਚਿਤ ਕੀਤਾ ਜਾਵੇ ਅਤੇ ਪਾਣੀ ਦੀ ਸਪਲਾਈ ਲੋੜ ਅਨੁਸਾਰ ਵਧਾਈ ਜਾਵੇ।
ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਨੂੰ ਲੋੜੀਂਦੀ ਪਾਣੀ ਦੀ ਸਪਲਾਈ ਲਈ ਚਾਰ ਟਿਊਬਵੈੱਲ ਦੀ ਜ਼ਰੂਰਤ ਹੈ, ਪਰ ਉਨ੍ਹਾਂ ਕੋਲ ਦੋ ਹਨ। ਉਨ੍ਹਾਂ ਦੱਸਿਆ ਕਿ ਇਹ ਕੁਝ ਦਿਨ ਚੱਲ ਕੇ ਖ਼ਰਾਬ ਹੋ ਗਏ ਸਨ ਅਤੇ ਹੁਣ ਠੀਕ ਕਰ ਕੇ ਦੁਬਾਰਾ ਚਲਾਏ ਹਨ। ਕੌਂਸਲ ਪ੍ਰਧਾਨ ਨੇ ਕਿਹਾ ਕਿ ਕੁਝ ਘਰਾਂ ਵਿੱਚ ਸੀਵਰੇਜ ਦੀ ਵਾਲੀ ਪਾਈਪ ਲੰਘਦੀ ਹੋਣ ਕਾਰਨ ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਲਿਆ ਹੋਵੇਗਾ। ਇਸ ਦਾ ਪਤਾ ਲਗਾ ਕੇ ਠੀਕ ਕਰਵਾਇਆ ਜਾਵੇਗਾ।
