ਕੋਟਫੱਤਾ ਨਗਰ ਕੌਂਸਲ ਦਾ ਪ੍ਰਧਾਨ ਹਟਾਇਆ
ਮਨੋਜ ਸ਼ਰਮਾ
ਬਠਿੰਡਾ, 19 ਫਰਵਰੀ
ਬਠਿੰਡਾ ਜ਼ਿਲ੍ਹੇ ਦੀ ਨਗਰ ਕੌਂਸਲ ਕੋਟਫੱਤਾ ਦੇ ਪ੍ਰਧਾਨ ਜਸਵਿੰਦਰ ਸਿੰਘ ਨੂੰ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਅਹੁਦੇ ਤੋਂ ਫਾਰਗ ਕਰ ਦਿੱਤਾ ਹੈ। ਗੌਰਤਲਬ ਹੈ ਕਿ ਕੋਟਫੱਤਾ ਨਗਰ ਕੌਂਸਲ ਲੰਮੇ ਸਮੇਂ ਤੋਂ ਵਿਵਾਦਾਂ ’ਚ ਘਿਰੀ ਹੋਈ ਹੈ। ਬੀਤੀ 16 ਅਕਤੂਬਰ 2024 ਨੂੰ ਕੌਂਸਲ ਦਫ਼ਤਰ ਰੱਖੀ ਗਈ ਮੀਟਿੰਗ ਦੌਰਾਨ ਕੁੱਲ 12 ਕੌਂਸਲਰਾਂ ਵਿੱਚੋਂ 8 ਕੌਂਸਲਰਾਂ ਵੱਲੋਂ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਮਾਮਲੇ ’ਚ 13 ਦਸੰਬਰ 2024 ਨੂੰ ਸਥਾਨਕ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਮਿਉਂਸਿਪਲ ਐਕਟ ਤਹਿਤ ਪ੍ਰਧਾਨ ਨੂੰ 21 ਦਿਨਾਂ ਲਈ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ ਪਰ ਉਨ੍ਹਾਂ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ।
ਪ੍ਰਧਾਨ ਵੱਲੋਂ ਜਵਾਬ ਨਾ ਦੇਣ ਦੀ ਸੂਰਤ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਸਕੱਤਰ, ਆਈਏਐੱਸ. ਤੇਜਵੀਰ ਸਿੰਘ ਵੱਲੋਂ ਕਾਰਵਾਈ ਕਰਦੇ ਹੋਏ ਪੱਤਰ ਜਾਰੀ ਕਰਦਿਆਂ ਪ੍ਰਧਾਨ ਜਸਵਿੰਦਰ ਸਿੰਘ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਹੈ। ਇਸ ਸਬੰਧੀ ‘ਆਪ’ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੇ ਚੇਅਰਮੈਨ ਪਰਮਜੀਤ ਕੋਟਫੱਤਾ ਅਤੇ ਕੌਂਸਲ ਦੇ ਮੀਤ ਪ੍ਰਧਾਨ ਇਕਬਾਲ ਸਿੰਘ ਢਿੱਲੋਂ ਨੇ ਮਾਮਲੇ ਦੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ‘ਆਪ’ ਦੀ ਪ੍ਰਧਾਨਗੀ ਲਈ ਰਾਹ ਪੱਧਰਾ ਹੋ ਗਿਆ ਹੈ ਅਤੇ ਜਲਦੀ ਹੀ ‘ਆਪ’ ਪਾਰਟੀ ਕੋਟਫੱਤਾ ਨਗਰ ਕੌਂਸਲ ਦੀ ਕਮਾਨ ਸੰਭਾਲੇਗੀ। ਉਨ੍ਹਾਂ ਕਿਹਾ ਪ੍ਰਧਾਨ ਦੇ ਜਾਣ ਨਾਲ ਦਿਹਾਤੀ ਕਸਬੇ ਕੋਟਫੱਤਾ ਲਈ ਵਿਕਾਸ ਦਾ ਰਾਹ ਖੁੱਲੇਗਾ।
ਕੋਟਫੱਤਾ ਦੇ ਵਿਕਾਸ ਲਈ ਵਫ਼ਦ ਮੰਤਰੀ ਨੂੰ ਮਿਲਿਆ
ਨਗਰ ਕੌਂਸਲ ਕੋਟਫੱਤਾ ਦੇ ਵਫ਼ਦ ਨੇ ਪਰਮਜੀਤ ਸਿੰਘ ਕੋਟਫੱਤਾ ਦੀ ਅਗਵਾਈ ਹੇਠ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਕੋਟਫੱਤਾ ਦਾ ਸੀਵਰੇਜ ਸਿਸਟਮ ਬਹੁਤ ਸਮੇਂ ਤੋਂ ਜਾਮ ਪਿਆ ਹੋਇਆ ਹੈ, ਜਿਸ ਕਾਰਨ ਲੋਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੇ ਆਪਣੇ ਪੱਧਰ ’ਤੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੀ। ਉਨ੍ਹਾਂ ਮੰਤਰੀ ਨੂੰ ਅਪੀਲ ਕੀਤੀ ਕਿ ਨਾ ਸਿਰਫ਼ ਸੀਵਰੇਜ ਦੀ ਸਮੱਸਿਆ ਹੱਲ ਕੀਤੀ ਜਾਵੇ, ਬਲਕਿ ਹੋਰ ਵਿਕਾਸ ਕਾਰਜਾਂ ਲਈ ਵਧੇਰੇ ਫੰਡ ਵੀ ਜਾਰੀ ਕੀਤੇ ਜਾਣ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਸਮੱਸਿਆ ਜਲਦੀ ਹੱਲ ਹੋਣ ਦਾ ਭਰੋਸਾ ਦਿੱਤਾ।