ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਐਸ ਐਸ ਪੀ ਦਫਤਰ ਮੂਹਰੇ ਪੱਕਾ ਮੋਰਚਾ ਲਾਵੇਗੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੀ ਕੋਰ ਕਮੇਟੀ ਦੀ ਮੀਟਿੰਗ ਪਿੰਡ ਦੂਲਾ ਸਿੰਘ ਵਾਲਾ 'ਚ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵਿਸ਼ੇਸ਼ ਤੌਰ ਤੇ ਪਹੁੰਚੇ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਬੀਤੀ 28 ਅਕਤੂਬਰ ਨੂੰ ਐਸਐਸਪੀ ਫਿਰੋਜ਼ਪੁਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਸੀ। ਜਿਸ ਵਿੱਚ ਕਿਸਾਨਾਂ ਦੇ ਪੁਲੀਸ ਨਾਲ ਸਬੰਧਿਤ ਮਸਲੇ ਹੱਲ ਕੀਤੇ ਜਾਣ ਦੇ ਬੇਨਤੀ ਕੀਤੀ ਸੀ, ਜੋ ਜ਼ਿਲ੍ਹਾ ਫਿਰੋਜਪੁਰ ਦੇ ਵੱਖ-ਵੱਖ ਥਾਣਿਆਂ 'ਚ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੱਥੇਬੰਦੀ ਵੱਲੋਂ ਮੰਗ ਪੱਤਰ ਨੂੰ ਅੱਜ 22 ਦਿਨ ਹੋ ਚੁੱਕੇ ਹਨ, ਪਰ ਪੁਲੀਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲੀਸ ਦਾ ਰਵੱਈਆ ਦੇਖ ਕੇ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ 2 ਦਸੰਬਰ ਨੂੰ ਐਸ ਐਸ ਪੀ ਫਿਰੋਜ਼ਪੁਰ ਦੇ ਦਫਤਰ ਮੂਹਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਲਗਾਇਆ ਜਾਏਗਾ ਤੇ ਜਿੰਨਾ ਚਿਰ ਮਸਲਿਆਂ ਦਾ ਹੱਲ ਨਹੀਂ ਹੋਏਗਾ, ਉਨਾਂ ਚਿਰ ਪੱਕਾ ਮੋਰਚਾ ਚੱਲੇਗਾ। ਇਸ ਮੌਕੇ ਆਗੂ ਗੁਰਮੇਲ ਸਿੰਘ ਫੱਤੇ ਵਾਲਾ, ਰਣਜੀਤ ਸਿੰਘ ਖੱਚਰ ਵਾਲਾ, ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਸੁਰਜੀਤ ਸਿੰਘ ਫੌਜੀ, ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਆਦਿ ਹਾਜ਼ਰ ਸਨ।
