ਖੱਤਰੀਵਾਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੜ੍ਹ ਪੀੜਤਾਂ ਲਈ ਸਹਾਰਾ
ਭਾਰੀ ਮੀਂਹ ਕਾਰਨ ਘਰੋਂ ਬੇਘਰ ਹੋਏ 200 ਤੋਂ ਵੱਧ ਲੋਕਾਂ ਲਈ ਸਹਾਰਾ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਖੱਤਰੀਵਾਲਾ ਤੋਂ ਬਾਅਦ ਹੁਣ ਜ਼ਿਲ੍ਹਾ ਦੇ 19 ਹੋਰ ਸਰਕਾਰੀ ਸਕੂਲ ਹੜ੍ਹ ਪੀੜ੍ਹਤਾਂ ਲੋਕਾਂ ਲਈ ਸਹਾਰਾ ਬਣਨਗੇ। ਮਾਨਸਾ ਜ਼ਿਲ੍ਹੇ ਵਿੱਚ ਹੜ੍ਹਾਂ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਲੋਕਾਂ ਨੂੰ ਹਰ ਪੱਖੋਂ ਰਾਹਤ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਨਸਾ, ਸਰਦੂਲਗੜ੍ਹ, ਬੁਢਲਾਡਾ ਸਬ-ਡਿਵੀਜ਼ਨਾਂ ਦੇ 19 ਸਰਕਾਰੀ ਸਕੂਲਾਂ ਵਿੱਚ ਰਿਲੀਫ਼ ਕੈਂਪ ਸਥਾਪਤ ਕਰਨ ਦਾ ਅਹਿਮ ਨਿਰਣਾ ਲਿਆ ਹੈ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਸਬ-ਡਿਵੀਜ਼ਨ ਮਾਨਸਾ ਵਿੱਚ ਪਿੰਡ ਰੱਲਾ ਲਈ ਸਰਕਾਰੀ ਸਕੂਲ ਰੱਲਾ, ਪਿੰਡ ਫਫੜੇ ਭਾਈਕੇ ਅਤੇ ਬੱਪੀਆਣਾ ਲਈ ਸਰਕਾਰੀ ਸਕੂਲ ਫਫੜੇ ਭਾਈਕੇ ਵਿੱਚ ਰਿਲੀਫ ਕੈਂਪ ਸਥਾਪਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਬ-ਡਿਵੀਜ਼ਨ ਬੁਢਲਾਡਾ ਵਿੱਚ ਗੋਰਖ਼ਨਾਥ ਅਤੇ ਕੁਲਰੀਆਂ ਲਈ ਸਰਕਾਰੀ ਸੈਕੰਡਰੀ ਸਕੂਲ, ਨਾਮ ਚਰਚਾ ਘਰ ਅਤੇ ਗੁਰਦੁਆਰਾ ਸਾਹਿਬ, ਪਿੰਡ ਬੀਰੇਵਾਲਾ ਡੋਗਰਾ ਲਈ ਸਰਕਾਰੀ ਮਿਡਲ ਸਕੂਲ ਭਾਵਾ, ਰਿਉਂਦ ਕਲਾਂ ਅਤੇ ਰਿਉਂਦ ਖੁਰਦ ਲਈ ਸਰਕਾਰੀ ਪ੍ਰਾਇਮਰੀ ਸਕੂਲ ਦਸਮੇਸ਼ ਨਗਰ ਪਿੰਡ ਰਿਉਂਦ ਕਲਾਂ, ਪਿੰਡ ਦਲੇਲ ਵਾਲਾ ਲਈ ਸਰਕਾਰੀ ਹਾਈ ਸਕੂਲ, ਮਲਕੋਂ, ਅੱਕਾਂਵਾਲੀ ਲਈ ਸਰਕਾਰੀ ਹਾਈ ਸਕੂਲ ਮੰਢਾਲੀ, ਆਲਮਪੁਰ ਮੰਦਰਾਂ ਲਈ ਨਹਿਰ ਦੇ ਬੰਨ੍ਹ ’ਤੇ ਟੈਂਟ ਲਗਾ ਕੇ ਰਿਲੀਫ ਕੈਂਪ ਬਣਾਇਆ ਗਿਆ ਹੈ। ਚੱਕ ਅਲੀਸ਼ੇਰ ਲਈ ਸਰਕਾਰੀ ਹਾਈ ਸਕੂਲ ਧਰਮਪੁਰਾ, ਕਾਹਨਗੜ੍ਹ ਲਈ ਸਰਕਾਰੀ ਮਿਡਲ ਸਕੂਲ ਸੇਖਪੁਰਾ ਖੁਡਾਲ, ਗੰਢੂ ਖੁਰਦ ਲਈ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਖਾਂ ਵਾਲਾ ਵਿੱਚ ਰਾਹਤ ਕੈਂਪ ਸਥਾਪਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਸਰਦੂਲਗੜ੍ਹ ਸਬ-ਡਿਵੀਜ਼ਨ ਲਈ ਸਰਦੂਲਗੜ੍ਹ ਵਿੱਚ ਸੀਨੀਅਰ ਸੈਕੰਡਰੀ ਸਕੂਲ, (ਲੜਕੀਆਂ) ਸਰਦੂਲਗੜ੍ਹ, ਰੋੜਕੀ ਤੇ ਝੰਡਾ ਖੁਰਦ ਲਈ ਡੇਰਾ ਰਾਧਾ ਸਵਾਮੀ ਸਤਸੰਗ ਘਰ, ਸਰਦੂਲਗੜ੍ਹ ਵਿੱਚ, ਪਿੰਡ ਮੀਰਪੁਰ ਕਲਾਂ, ਮੀਰਪੁਰ ਖੁਰਦ, ਸਰਦੂਲੇਵਾਲਾ, ਰਣਜੀਤਗੜ੍ਹ ਬਾਂਦਰਾਂ ਤੇ ਭਗਵਾਨਪੁਰ ਹੀਂਗਣਾ ਲਈ ਐਲੀਮੈਂਟਰੀ ਸਕੂਲ, ਟਿੱਬੀ ਹਰੀ ਸਿੰਘ ਵਾਲਾ, ਤਹਿਸੀਲ ਸਰਦੂਲਗੜ੍ਹ, ਪਿੰਡ ਭੂੰਦੜ ਤੇ ਕਾਹਨੇਵਾਲ ਲਈ ਲਈ ਬਾਲ ਵਾਟਿਕਾ ਪਬਲਿਕ ਸਕੂਲ, ਟਿੱਬੀ ਹਰੀ ਸਿੰਘ ਵਾਲਾ, ਪਿੰਡ ਆਹਲੂਪੁਰ ਤੇ ਧਿੰਗਾਣਾ ਲਈ ਯੂਨੀਵਰਸਿਟੀ ਕਾਲਜ, ਸਰਦੂਲਗੜ੍ਹ, ਪਿੰਡ ਸਾਧੂਵਾਲਾ ਤੇ ਫੂਸਮੰਡੀ ਲਈ ਸਹਨਾਈ ਪੈਲੇਸ, ਸਾਧੂਵਾਲਾ ਰੋਡ ਸਰਦੂਲਗੜ੍ਹ, ਪਿੰਡ ਹੀਰਕੇ, ਕਰੀਪੁਰ ਡੁੰਮ ਤੇ ਬਰਨ ਲਈ ਐਲਮੈਂਟਰੀ ਸਕੂਲ ਬਰਨ, ਤਹਿਸੀਲ ਸਰਦੂਲਗੜ੍ਹ ਅਤੇ ਪਿੰਡ ਕੋੜੀਵਾਲਾ ਤੇ ਭੱਲਣਵਾਲਾ ਲਈ ਅਕਾਲ ਅਕੈਡਮੀ, ਪਿੰਡ ਕੋੜੀਵਾਲਾ, ਤਹਿਸੀਲ ਸਰਦੂਲਗੜ੍ਹ ਵਿੱਚ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ।