ਖੰਨਾ ਪੁਲੀਸ ਵੱਲੋਂ ਮਾਛੀਵਾੜਾ ਸਾਹਿਬ ’ਚ ਵਿਅਕਤੀ ’ਤੇ ਗੋਲੀਆ ਚਲਾਉਣ ਵਾਲੇ 2 ਕਾਬੂ
ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਖੰਨਾ ਪੁਲੀਸ ਨੂੰ ਉਦੋਂ ਵੱਡੀ ਸਫ਼ਲਤਾ ਮਿਲੀ ਜਦੋਂ ਪਿਛਲੇ ਦਿਨੀਂ ਮਾਛੀਵਾੜਾ ਸਾਹਿਬ ਵਿਖੇ ਰਾਤ ਸਮੇਂ ਇਕ ਵਿਅਕਤੀ ’ਤੇ ਗੋਲੀਆਂ ਚਲਾਉਣ ਵਾਲੇ 2 ਵਿਅਕਤੀਆਂ ਨੂੰ ਵਾਰਦਾਤ ਸਮੇਂ ਵਰਤੀ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾ.ਜੋਤੀ ਯਾਦਵ ਨੇ ਦੱਸਿਆ ਕਿ ਇੰਸਪੈਕਟਰ ਹਰਵਿੰਦਰ ਸਿੰਘ ਥਾਣਾ ਮਾਛੀਵਾੜਾ ਸਾਹਿਬ ਵਿਖੇ ਰੋਸ਼ਨ ਲਾਲ ਵਾਸੀ ਬਾਜੀਗਰ ਮੁਹੱਲਾ ਮਾਛੀਵਾੜਾ ਨੇ ਰਿਪੋਰਟ ਦਰਜ ਕਰਵਾਈ ਕਿ 30 ਅਕਤੂਬਰ ਨੂੰ ਉਹ ਘਰ ਤੋਂ ਆਪਣੀ ਗੱਡੀ ਨੂੰ ਚੈੱਕ ਕਰਨ ਲਈ ਜਾ ਰਿਹਾ ਸੀ ਤਾਂ ਬਾਬਾ ਬਾਲਕ ਨਾਥ ਮੰਦਰ ਵਾਲੀ ਸਾਈਡ ਤੋਂ ਇਕ ਚਿੱਟੇ ਰੰਗ ਦੀ ਕਾਰ ਆ ਕੇ ਰੁੱਕੀ ਜਿਸ ਵਿਚ ਕਡੰਕਟਰ ਸੀਟ ’ਤੇ ਬੈਠੇ ਵਿਅਕਤੀ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਦੌਰਾਨ ਉਹ ਜ਼ਖ਼ਮੀ ਹੋ ਗਿਆ ਅਤੇ ਗੋਲੀ ਉਸਦੀ ਖੱਬੀ ਵੱਖੀ ਤੋਂ ਥੋੜਾ ਨੀਚੇ ਲੱਗੀ। ਜਿਸ ’ਤੇ ਕਾਰਵਾਈ ਕਰਦਿਆਂ ਐਸਪੀ (ਡੀ) ਪਵਨਜੀਤ, ਮੋਹਿਤ ਕੁਮਾਰ ਸਿੰਗਲਾ, ਡੀਐਸਪੀ ਕਰਮਜੀਤ ਸਿੰਘ ਗਰੇਵਾਲ, ਨਰਿੰਦਰਪਾਲ ਸਿੰਘ ਦੀ ਅਗਵਾਈ ਹੇਠਾਂ ਪੁਲੀਸ ਪਾਰਟੀ ਨੇ ਹਿਊਮਨ ਸੋਰਸ ਅਤੇ ਟੈਕਨੀਕਲ ਸੋਰਸ ਰਾਹੀਂ ਸੀਸੀਟੀਵੀ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਿਸ ’ਤੇ ਵਾਰਦਾਤ ਸਮੇਂ ਵਰਤੀ ਕਾਰ ਟਰੇਸ ਕਰਕੇ ਉਸ ਦੇ ਮਾਲਕ ਅਰਸ਼ਦੀਪ ਸਿੰਘ ਵਾਸੀ ਕਲਾਨੌਰ (ਗੁਰਦਾਸਪੁਰ) ਨੂੰ ਗ੍ਰਿਫ਼ਤਾਰ ਕੀਤਾ ਗਿਆ।ਜਿਸ ਪਾਸੋਂ ਵਰਨਾ ਕਾਰ ਨੰਬਰ ਪੀਬੀ 10 ਡੀਐਮ-6160 ਬਰਾਮਦ ਹੋਈ।
ਅਰਸ਼ਦੀਪ ਪਾਸੋਂ ਡੂੰਘਾਈ ਨਾਲ ਕੀਤੀ ਪੁੱਛਗਿੱਛ ਉਪਰੰਤ ਵਾਰਦਾਤ ਵਿੱਚ ਸ਼ਾਮਲ ਗੁਰਦਿਆਲ ਸਿੰਘ ਵਾਸੀ ਕੋਟਲਾ (ਗੁਰਦਾਸਪੁਰ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਕਤ ਦੋਸ਼ੀਆਂ ਨੇ ਦੱਸਿਆ ਕਿ ਵਾਰਦਾਤ ਵਿਚ ਵਰਤਿਆ ਹਥਿਆਰ ਗੁਰਲਾਲ ਸਿੰਘ ਵਾਸੀ ਰਡਿਆਣਾ ਦੇ ਕਹਿਣ ’ਤੇ ਕਰਨ ਮਸੀਹ ਉਰਫ ਅਜੂ ਵਾਸੀ ਥਾਣਾ ਕਲਾਨੌਰ ਨੇ ਦਿੱਤਾ ਸੀ। ਜਿਸ ’ਤੇ ਉਕਤ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
