ਲਾਵਾਰਸ ਬਿਰਧ ਜੋੜੇ ਲਈ ਰੱਬ ਬਣ ਬਹੁੜੀ ਜੱਜ ਕਿਰਨ ਜਯੋਤੀ
ਇਥੇ ਸੜਕਾਂ ’ਤੇ ਰੁਲਦੇ ਲਾਵਾਰਸ ਬਿਰਧ ਜੋੜੇ ਜਿਨ੍ਹਾਂ ’ਚ ਔਰਤ ਦਿਵਿਆਂਗ ਹੈ, ਲਈ ਮਹਿਲਾ ਜੱਜ ਰੱਬ ਬਣ ਕੇ ਬਹੁੜੀ। ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਇਸ ਜੋੜੇ ਨੂੰ ਪੰਜਾਬ ਪੁਲੀਸ ਦੇ ਏ ਐੱਸ ਆਈ ਵੱਲੋਂ ਚਲਾਏ ਜਾ ਰਹੇ ਆਸ਼ਰਮ ’ਚ ਭੇਜਿਆ ਗਿਆ ਹੈ। ਮਿਸ ਕਿਰਨ ਜਯੋਤੀ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਦੱਸਿਆ ਕਿ 1 ਤੋਂ 7 ਅਕਤੂਬਰ ਤੱਕ ਸੀਨੀਅਰ ਸਿਟੀਜ਼ਨ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਸੜਕ ਕਿਨਾਰੇ ਬਿਰਧ ਜੋੜਾ ਜਿਸ ’ਚ ਔਰਤ ਦਿਵਿਆਂਗ ਅਤੇ ਉਨ੍ਹਾਂ ਦਾ ਕੋਈ ਨਾ ਵਾਰਸ ਤੇ ਨਾ ਟਿਕਾਣਾ ਅਤੇ ਉਹ ਨਰਕ ਭਰੀ ਜ਼ਿੰਦਗੀ ਜਿਉਂ ਰਹੇ ਹਨ। ਉਨ੍ਹਾਂ ਮੌਕੇ ’ਤੇ ਜਾ ਕੇ ਬੇਸਹਾਰਾ ਬਿਰਧ ਜੋੜੇ ਦੀ ਗੱਲਬਾਤ ਸੁਣੀ। ਉਨ੍ਹਾਂ ਨੂੰ ਏਕ ਆਸ ਆਸ਼ਰਮ ਸੇਵਾ ਸੁਸਾਇਟੀ ਰੌਲੀ ਰੋਡ ਮੋਗਾ ਦੇ ਪ੍ਰਬੰਧਕ ਏ ਐੱਸ ਆਈ ਜਸਵੀਰ ਸਿੰਘ ਬਾਵਾ ਨਾਲ ਗੱਲਬਾਤ ਕਰਕੇ ਉਥੇ ਭਰਤੀ ਕਰਵਾ ਦਿੱਤਾ ਗਿਆ। ਉਹ ਪਿਛਲੇ ਲੰਮੇ ਸਮੇਂ ਤੋ ਡਿਊਟੀ ਨਾਲ ਬੇ ਸਹਾਰਾਂ ਲੋਕਾਂ ਦੀ ਸਾਂਭ ਸੰਭਾਲ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਐਕਟ 2007 ਤਹਿਤ ਹਰੇਕ ਬਜ਼ੁਰਗ ਨੂੰ ਆਪਣੇ ਬੱਚਿਆਂ ਤੋਂ ਖਰਚਾ ਲੈਣ ਦਾ ਅਧਿਕਾਰ ਹੈ। ਸਿਰਫ ਆਪਣੇ ਪੁੱਤਰਾਂ ਤੋਂ ਹੀ ਨਹੀਂ ਸਗੋਂ ਧੀਆਂ ਤੋਂ ਵੀ ਖਰਚਾ ਲੈਣ ਦੇ ਹੱਕਦਾਰ ਹਨ। ਜਿਹੜੇ ਬਜ਼ੁਰਗ ਆਪਣੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ’ਤੇ ਟਰਾਂਸਫਰ ਕਰਵਾਉਂਦੇ ਹਨ ਪਰ ਬਾਅਦ ਵਿੱਚ ਬੱਚੇ ਬਜ਼ੁਰਗਾਂ ਨੂੰ ਖਰਚਾ ਹੀ ਨਹੀਂ ਦਿੰਦੇ ਸਗੋਂ ਘਰੋਂ ਕੱਢ ਦਿੰਦੇ ਹਨ, ਅਜਿਹੇ ’ਚ ਬਜ਼ੁਰਗ ਕਾਨੂੰਨੀ ਸੇਵਾਵਾਂ ਅਥਾਰਿਟੀ, ਨਾਲ ਸੰਪਰਕ ਕਰ ਕਰਕੇ ਜਾਇਦਾਦ ਨੂੰ ਮੁੜ ਪ੍ਰਾਪਤ ਕਰਨ ਲਈ ਮੁਫਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਇਸ ਦੌਰਾਨ ਵਕੀਲ ਦਾ ਸਾਰਾ ਖਰਚਾ ਅਤੇ ਕਾਗਜ਼ਾਤ ਅਥਾਰਿਟੀ ਵੱਲੋਂ ਦਿੱਤਾ ਜਾਂਦਾ ਹੈ।
ਪੰਜਾਬ ਪੁਲੀਸ ਦੇ ਜਵਾਨ ਜਸਵੀਰ ਸਿੰਘ ਬਾਵਾ ਨੇ ਸਮਾਜ ਸੇਵਾ ਲਈ ਸੈਂਕੜੇ ਹੋਰ ਪੁਲੀਸ ਮੁਲਾਜ਼ਮਾਂ ਨੂੰ ਨਾਲ ਜੋੜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਮੁੱਖ ਮਕਸਦ ਬੇਸਹਾਰਾ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਨਾ ਹੈ। ਆਸ਼ਰਾਮ ਵਿਚ ਦਿਮਾਗੀ ਸੰਤੁਲਨ ਗੁਆ ਚੁੱਕੇ ਅਤੇ ਹੋਰ ਬਿਮਾਰੀਆ ਨਾਲ ਪੀੜਤ ਲਵਾਰਸ-ਬੇਘਰ ਬਿਰਧ ਰਹਿੰਦੇ ਹਨ ਜਿਨ੍ਹਾਂ ’ਚ ਕਈਆਂ ਸੁੱਧ-ਬੁੱਧ ਨਹੀਂ ਹੈ। ਵੱਡੀ ਗਿਣਤੀ ਵਿਚ ਕਈ ਠੀਕ ਹੋ ਕੇ ਆਪਣੇ ਵਾਰਸਾਂ ਕੋਲ ਚਲੇ ਗਏ ਹਨ। ਉਹ ਬੇਮਿਸਾਲ ਤੇ ਨਿਰਸਵਾਰਥ ਸੇਵਾ ਗੁਰੂ ਦੀਆਂ ਸੰਗਤ ਦੇ ਸਹਿਯੋਗ ਨਾਲ ਨਾਲ ਚੱਲ ਰਹੀ ਹੈੈ।