ਪੱਤਰਕਾਰਾਂ ਵੱਲੋਂ ਮਸਲਿਆਂ ਸਬੰਧੀ ਡੀ.ਸੀ. ਨੂੰ ਮੰਗ ਪੱਤਰ
ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦਿਹਾਤੀ ਦੇ ਪ੍ਰਧਾਨ ਜਸਵੰਤ ਸਿੰਘ ਥਿੰਦ ਦੀ ਅਗਵਾਈ ਹੇਠ ਪੱਤਰਕਾਰਾਂ ਦੇ ਇੱਕ ਵਫ਼ਦ ਨੇ ਅੱਜ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪ ਸ਼ਿਖਾ ਸ਼ਰਮਾ ਨਾਲ ਮੁਲਾਕਾਤ ਕੀਤੀ ਤੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਡੀਸੀ ਨੂੰ ਮੰਗ ਪੱਤਰ ਦਿੱਤਾ। ਪੱਤਰਕਾਰਾਂ ਨੇ ਮੰਗ ਕੀਤੀ ਕਿ ਸੂਬੇ ਦੇ ਸਮੂਹ ਟੌਲ ਪਲਾਜ਼ਿਆਂ 'ਤੇ ਪੱਤਰਕਾਰਾਂ ਦਾ ਲਾਂਘਾ ਪਰਚੀ ਮੁਕਤ ਕੀਤਾ ਜਾਵੇ। ਬੱਸਾਂ ਅਤੇ ਰੇਲ ਗੱਡੀਆਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ, ਪੱਤਰਕਾਰਾਂ ਦੇ ਪਰਿਵਾਰਿਕ ਮੈਂਬਰਾਂ ਦੀ ਬੰਦ ਕੀਤੀ ਗਈ ਸਿਹਤ ਬੀਮਾ ਯੋਜਨਾ ਮੁੜ ਬਹਾਲ ਅਤੇ ਪੱਤਰਕਾਰਾਂ ਨੂੰ ਯੋਗ ਮਾਣ ਭੱਤਾ ਸ਼ੁਰੂ ਕੀਤਾ ਜਾਵੇ। ਇਸ ਤੋਂ ਇਲਾਵਾ ਪ੍ਰੈੱਸ ਕਲੱਬ ਨੂੰ ਆਪਣੀਆਂ ਗਤੀਵਿਧੀਆਂ ਸਰਗਰਮੀ ਨਾਲ ਜਾਰੀ ਰੱਖਣ ਵਾਸਤੇ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਦਫ਼ਤਰ ਲਈ ਕੋਈ ਢੁਕਵੀਂ ਜਗ੍ਹਾ ਅਲਾਟ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਪੱਤਰਕਾਰਾਂ ਵੱਲੋਂ ਜਸਵੰਤ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਜ਼ਾਮਨੀ ਸਾਹਿਬ, ਵਜੀਦਪੁਰ ਵਿਖੇ ਕੀਤੀ ਗਈ ਬੈਠਕ ਵਿੱਚ ਉਕਤ ਮਾਮਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਵਿੱਚ ਬਲਦੇਵ ਰਾਜ ਸ਼ਰਮਾ, ਰਵਿੰਦਰ ਸਿੰਘ ਕਾਲਾ, ਰਵਿੰਦਰ ਬਜਾਜ, ਜਗਦੀਸ਼ ਪਾਲ, ਰਜਿੰਦਰ ਸਿੰਘ ਹਾਂਡਾ, ਗੁਰਪ੍ਰੀਤ ਸੰਧੂ, ਸੰਦੀਪ ਸੋਨੀ, ਜਸਬੀਰ ਕੰਬੋਜ, ਹਰਪ੍ਰੀਤ ਹੈਪੀ, ਅਸ਼ੋਕ ਭਾਰਦਵਾਜ, ਸੁਭਾਸ਼ ਅਨੰਦ, ਪ੍ਰਿੰਸ ਕੁਮਾਰ ਡਿੰਪੀ, ਬਲਵੀਰ ਸਿੰਘ ਲਹਿਰਾ, ਸੁਬੇਗ ਸਿੰਘ, ਰੂਪ ਲਾਲ ਭੱਟੀ, ਸੁਬੇਗ ਸਿੰਘ ਤੇ ਗੁਰਪ੍ਰੀਤ ਗੋਰਾ ਆਦਿ ਹਾਜ਼ਰ ਸਨ।