ਜਵਾਹਰਕੇ ਵਾਸੀਆਂ ਵੱਲੋਂ ਬਣਾਂਵਾਲੀ ਦੀ ਕੋਠੀ ਅੱਗੇ ਧਰਨਾ
ਪਿੰਡ ਜਵਾਹਰਕੇ ਦੀ ਸਭ ਤੋਂ ਨੀਵੀਂ ਗਲੀ ਉੱਚੀ ਚੁੱਕ ਕੇ ਨਵੇਂ ਸਿਰਿਓਂ ਬਣਾਉਣ ਦੀ ਮੰਗ ਲਈ ਪਿੰਡ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੀ ਅਗਵਾਈ ਹੇਠ ਇੱਥੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਕੋਠੀ ਅੱਗੇ ਧਰਨਾ ਲਾਇਆ ਗਿਆ। ਜਥੇਬੰਦੀ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ, ਭੋਲਾ ਸਿੰਘ ਮਾਖਾ, ਕੁਲਦੀਪ ਸਿੰਘ ਚਚੋਹਰ ਨੇ ਦੱਸਿਆ ਕਿ ਇਹ ਗਲੀ 30 ਸਾਲ ਪੁਰਾਣੀ ਬਣੀ ਹੋਣ ਕਾਰਨ ਪਿੰਡ ਦੀਆਂ ਦੂਜੀਆਂ ਗਲੀਆਂ ਤੋਂ ਦੋ ਫੁੱਟ ਨੀਵੀਂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਤੇ ਗਲੀ ਵਿੱਚ ਢਾਈ-ਤਿੰਨ ਫੁੱਟ ਪਾਣੀ ਭਰ ਜਾਂਦਾ ਹੈ ਜੋ 10-12 ਘੰਟੇ ਬਾਅਦ ਗਲੀ ਵਿੱਚੋਂ ਪਾਣੀ ਨਿਕਲਦਾ ਹੈ, ਜਿਸ ਕਾਰਨ ਲੋਕਾਂ ਨੂੰ ਘਰਾਂ ਵਿੱਚੋਂ ਨਿਕਲਣਾ ਦੁੱਭਰ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਲੰਮੀ ਜੱਦੋ-ਜਹਿਦ ਤੋਂ ਬਾਅਦ ਗਲੀ ਬਣਾਉਣ ਲਈ 25 ਲੱਖ 64 ਹਜ਼ਾਰ ਰੁਪਏ ਮਨਜ਼ੂਰ ਤਾਂ ਹੋ ਗਏ ਸਨ, ਪ੍ਰੰਤੂ ਬਲਾਕ ਮਾਨਸਾ ਵਿੱਚੋਂ ਜਵਾਹਰਕੇ ਪਿੰਡ ਝੁਨੀਰ ਬਲਾਕ ਵਿੱਚ ਪਾ ਦੇਣ ਕਰਕੇ ਮਾਨਸਾ ਬਲਾਕ ਦੇ ਬੀ.ਡੀ.ਪੀ.ਓ. ਦਫ਼ਤਰ ਵਾਲੇ ਕਹਿ ਰਹੇ ਹਨ ਕਿ ਉਨ੍ਹਾਂ ਦਾ ਪਿੰਡ ਝੁਨੀਰ ਬਲਾਕ ਵਿੱਚ ਚਲਾ ਗਿਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਝੁਨੀਰ ਦਫ਼ਤਰ ਵਾਲੇ ਕਹਿ ਰਹੇ ਹਨ ਕਿ ਜਵਾਹਰਕੇ ਪਿੰਡ ਦਾ ਰਿਕਾਰਡ ਅਜੇ ਉਨ੍ਹਾਂ ਕੋਲ ਨਹੀਂ ਆਇਆ, ਜਿਸ ਕਾਰਨ ਨਗਰ ਪੰਚਾਇਤ ਅਤੇ ਪਿੰਡ ਵਾਸੀ ਦਫ਼ਤਰਾਂ ਦੇ ਗੇੜੇ ਮਾਰ ਅੱਕ ਚੁੱਕੇ ਹਨ। ਮਸਲਾ ਹੱਲ ਨਾ ਹੋਣ ਕਾਰਨ ਜਥੇਬੰਦੀ ਵੱਲੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਕੋਠੀ ਅੱਗੇ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਜਗਰਾਜ ਸਿੰਘ ਮਾਨਸਾ, ਮਹਿੰਦਰ ਸਿੰਘ ਖੜ੍ਹਕ ਸਿੰਘ ਵਾਲਾ, ਸੁਖਦੇਵ ਸਿੰਘ ਬੁਰਜ ਹਰੀ, ਸੁਰਜੀਤ ਸਿੰਘ ਕੋਟ ਲੱਲੂ, ਭੋਲਾ ਸਿੰਘ ਜਵਾਹਰਕੇ, ਅਜੈਬ ਸਿੰਘ ਜਵਾਹਰਕੇ, ਮੇਜਰ ਸਿੰਘ ਦਰਾਕਾ ਤੇ ਅਵਤਾਰ ਸਿੰਘ ਤਾਰਾ ਹਾਜ਼ਰ ਸਨ।
ਗਲੀ ਬਣਾਉਣ ਲਈ ਪੈਸੇ ਜਾਰੀ ਕੀਤੇ ਜਾ ਚੁੱਕੇ ਨੇ: ਵਿਧਾਇਕ
Advertisementਧਰਨਾਕਾਰੀਆਂ ਨੂੰ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਸਬੰਧਤ ਅਫ਼ਸਰਾਂ ਨਾਲ ਗੱਲ ਕਰ ਲਈ ਹੈ ਅਤੇ ਗਲੀ ਬਣਾਉਣ ਦਾ ਕੰਮ ਹਫ਼ਤੇ ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਬਾਅਦ ਜਥੇਬੰਦੀ ਵੱਲੋਂ ਧਰਨਾ ਚੁੱਕ ਲਿਆ ਗਿਆ। ਉਨ੍ਹਾਂ ਕਿਹਾ ਕਿ ਗਲੀ ਦੇ ਨਿਰਮਾਣ ਲਈ ਬਾਕਾਇਦਾ ਪੈਸੇ ਲੰਬਾ ਸਮਾਂ ਪਹਿਲਾਂ ਜਾਰੀ ਹੋ ਚੁੱਕੇ ਹਨ।
