ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫਾਟਕਾਂ ’ਤੇ ਜਾਮ: ਤਕਨੀਕੀ ਖਾਮੀਆਂ ਤੇ ਦੁਕਾਨਦਾਰਾਂ ਦਾ ਵਿਰੋਧ ਪੁਲ ਦੇ ਨਿਰਮਾਣ ’ਚ ਅੜਿੱਕਾ

ਜਾਮ ਕਰਨ ਲੋਕਾਂ ਨੂੰ ਨਿੱਤ ਹੋਣਾ ਪੈਂਦੇ ਖੁਆਰ; ਦੁਕਾਨਕਾਰਾਂ ਨੇ ਉਜਾਡ਼ੇ ਦਾ ਖ਼ਦਸ਼ਾ ਪ੍ਰਗਟਾਇਆ
ਤਲਵੰਡੀ ਭਾਈ ’ਚ ਰੇਲਵੇ ਫਾਟਕਾਂ ’ਤੇ ਲੱਗੇ ਜਾਮ ’ਚ ਫ਼ਸੇ ਲੋਕ।
Advertisement

ਇਥੇ ਸ਼ਹਿਰ ਦੇ ਵਿਚਕਾਰੋਂ ਲੰਘਦੀ ਰੇਲਵੇ ਪਟੜੀ ’ਤੇ ਪੈਂਦੇ ਫਾਟਕਾਂ ’ਤੇ ਲੋਕ ਨਿੱਤ ਜਾਮ ’ਚ ਫਸੇ ਰਹਿੰਦੇ ਹਨ। ਹਾਲਾਂਕਿ ਰੇਲਵੇ ਇਸ ਸਮੱਸਿਆ ਨਾਲ ਨਜਿੱਠਣ ਲਈ ਫਾਟਕਾਂ ’ਤੇ ਪੁਲ ਦਾ ਨਿਰਮਾਣ ਕਰਨਾ ਚਾਹੁੰਦਾ ਹੈ ਪਰ ਇਥੋਂ ਦੇ ਦੁਕਾਨਦਾਰਾਂ ਨੂੰ ਰੇਲਵੇ ਦੀ ਯੋਜਨਾ ਮਨਜ਼ੂਰ ਨਹੀਂ ਹੈ।

ਰੇਲਵੇ ਨੇ ਸਾਲ 2022 ਵਿੱਚ ਸਰਵੇ ਵੀ ਕਰਵਾਇਆ ਸੀ। ਸਰਵੇ ਮੁਤਾਬਕ ਇੱਥੇ ਪੁਲ ਬਣਨਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਕਈ ਤਕਨੀਕੀ ਖ਼ਾਮੀਆਂ ਵੀ ਪੁਲ ਦੇ ਨਿਰਮਾਣ ’ਚ ਅੜਿਕਾ ਹਨ। ਨਿਯਮਾਂ ਅਨੁਸਾਰ 2 ਲੇਨ ਵਾਲੇ ਓਵਰ ਬ੍ਰਿਜ ਲਈ ਸੜਕ ਦੀ ਚੌੜਾਈ 18 ਤੋਂ 21 ਮੀਟਰ ਹੋਣੀ ਲਾਜ਼ਮੀ ਹੈ ਜਦਕਿ ਇੱਥੇ ਸੜਕ ਦੀ ਚੌੜਾਈ ਸਿਰਫ਼ 12 ਤੋਂ 14 ਮੀਟਰ ਹੀ ਹੈ। ਇਸੇ ਤਰ੍ਹਾਂ ਜ਼ੀਰੇ ਵਾਲੇ ਪਾਸੇ ਮੌਜੂਦ ਸੇਮ ਨਾਲਾ ਵੀ ਅੜਿੱਕਾ ਹੈ।

Advertisement

ਸੂਤਰ ਦੱਸਦੇ ਹਨ ਕਿ ਰੇਲਵੇ ਨੇ ਪਿਛਲੀ ਦਿਨੀਂ ਮੁੜ ਸਰਵੇ ਕਰਵਾਇਆ ਹੈ ਜਿਸ ਕਾਰਨ ਦੁਕਾਨਦਾਰ ਚਿੰਤਤ ਹਨ। ਫਲ਼ ਵਿਕਰੇਤਾ ਸੰਜੀਵ ਕੁਮਾਰ ਕਾਲਾ, ਬਸਾਤੀ ਦੁਕਾਨਦਾਰ ਮਹਿੰਦਰ ਸਿੰਘ ਕਾਮਰਾ, ਮੋਟਰਾਂ ਵਾਲੇ ਬਲਜਿੰਦਰ ਸਿੰਘ, ਭਜਨ ਲਾਲ, ਕਰਿਆਨਾ ਵਪਾਰੀ ਸਤਪਾਲ, ਸਬਜ਼ੀ ਵਾਲੇ ਨੰਦ ਸਰੂਪ ਤੇ ਸਾਈਕਲਾਂ ਵਾਲੇ ਸੁਰਜੀਤ ਬਜਾਜ ਨੇ ਕਿਹਾ ਕਿ ਜੇ ਇਥੇ ਓਵਰ ਬ੍ਰਿਜ ਬਣਿਆ ਤਾਂ ਉਨ੍ਹਾਂ ਦੀਆਂ ਦੁਕਾਨਾਂ ਕੌਡੀਆਂ ਦੇ ਭਾਅ ਵੀ ਨਹੀਂ ਰਹਿਣੀਆਂ ਤੇ ਕਾਰੋਬਾਰ ਠੱਪ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਥੇ ਘੁੱਗ ਵੱਸਦੇ ਲੋਕਾਂ ਦਾ ਉਜਾੜਾ ਹੋ ਜਾਵੇਗਾ। ਉਨ੍ਹਾਂ ਦੇ ਨਾਲ-ਨਾਲ ਸ਼ਹਿਰ ਦੇ ਨਹਿਰੂ ਰੋਡ ਵਾਲੇ ਦੁਕਾਨਦਾਰ ਵੀ ਪ੍ਰਭਾਵਿਤ ਹੋਣਗੇ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰੇਲਵੇ ਨੂੰ ਛੋਟੇ ਵਾਹਨਾਂ ਲਈ ਓਵਰ ਬ੍ਰਿਜ ਦੀ ਬਜਾਏ ਰੇਲਵੇ ਰੋਡ ਤੋਂ ਹੁੰਦੇ ਹੋਏ ਨਹਿਰੂ ਰੋਡ ਤੱਕ ਅੰਡਰ ਪਾਸ ਬਣਾਉਣਾ ਚਾਹੀਦਾ ਹੈ। ਵੱਡੇ ਵਾਹਨਾਂ ਲਈ ਮੋਗਾ ਸ਼ਹਿਰ ਵਾਂਗ ਫਾਟਕ ਦੀ ਮੌਜੂਦਾ ਵਿਵਸਥਾ ਵੀ ਕਾਇਮ ਰਹਿਣੀ ਚਾਹੀਦੀ ਹੈ। ਇਸ ਨਾਲਦੇ ਜਾਮ ਦਾ ਮਸਲਾ ਹੱਲ ਹੋ ਜਾਵੇਗਾ ਤੇ ਦੁਕਾਨਦਾਰਾਂ ਦਾ ਉਜਾੜਾ ਵੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਹੱਲ ਲਈ ਦੁਕਾਨਦਾਰਾਂ ਦਾ ਇੱਕ ਵਫ਼ਦ ਜਲਦ ਹੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲੇਗਾ।

Advertisement