ਜੈਤੋ ਨੂੰ ਗਰੀਨ ਤੇ ਸਾਫ਼-ਸੁਥਰਾ ਸ਼ਹਿਰ ਬਣਾਇਆ ਜਾਵੇਗਾ: ਅਮੋਲਕ ਸਿੰਘ
ਇਸ ਸ਼ਹਿਰ ਦੇ ਹਰ ਘਰ ’ਚੋਂ ਕੂੜਾ ਇਕੱਠ ਕਰਨ ਲਈ ਨਗਰ ਕੌਂਸਲ ਜੈਤੋ ਵੱਲੋਂ ਖ਼ਰੀਦੇ ਗਏ 14 ਨਵੇਂ ਈ-ਰਿਕਸ਼ਿਆਂ ਦੀ ਵਿਧਾਇਕ ਅਮੋਲਕ ਸਿੰਘ ਵੱਲੋਂ ਹਰੀ ਝੰਡੀ ਵਿਖਾ ਕੇ ਕੌਂਸਲ ਦਫ਼ਤਰ ਤੋਂ ਰਵਾਨਗੀ ਕੀਤੀ ਗਈ। ਵਿਧਾਇਕ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਿਆਵਲ ਭਰਪੂਰ ਬਣਾਉਣ ਲਈ ਯੋਗ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੀ ਤਰਜੀਹ ਹੈ ਅਤੇ ਇਸੇ ਕੜੀ ਤਹਿਤ ਇਹ ਈ-ਰਿਕਸ਼ਾ ਚਾਲੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੌਂਸਲ ਕੋਲ 3 ਈ-ਰਿਕਸ਼ਾ ਪਹਿਲਾਂ ਹਨ ਅਤੇ ਸ਼ਹਿਰ ਦੇ ਕੁੱਲ 17 ਵਾਰਡਾਂ ’ਚੋਂ ਹਰ ਵਾਰਡ ਦੇ ਹਿੱਸੇ ਹੁਣ ਇੱਕ-ਇੱਕ ਰਿਕਸ਼ਾ ਆਵੇਗਾ। ਉਨ੍ਹਾਂ ਕਿਹਾ ਕਿ ਰਿਕਸ਼ੇ ਚੱਲਣ ਨਾਲ ਸ਼ਹਿਰ ’ਚ ਲੱਗਣ ਵਾਲੇ ਕੂੜਾ ਡੰਪਾਂ ਤੋਂ ਨਿਜ਼ਾਤ ਮਿਲੇਗੀ।
ਨਗਰ ਕੌਂਸਲ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ ਨੇ ਸ਼ਹਿਰ ਵਾਸੀਆਂ ਨੂੰ ਘਰਾਂ ਅਤੇ ਦੁਕਾਨਾਂ ਦਾ ਕੂੜਾ ਇਨ੍ਹਾਂ ਰਿਕਸ਼ਿਆਂ ਵਿੱਚ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਸਬਜ਼ੀ ਤੇ ਫ਼ਲ ਵਿਕ੍ਰੇਤਾਵਾਂ ਨੂੰ ਰਹਿੰਦ-ਖੂੰਹਦ ਸੜਕਾਂ ’ਤੇ ਨਾ ਸੁੱਟਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਇਨ੍ਹਾਂ ਨੂੰ ਖਾਣ ਆਉਂਦੇ ਅਵਾਰਾ ਪਸ਼ੂ ਹਾਦਸਿਆਂ ਦਾ ਕਾਰਣ ਬਣਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਵਾਲਿਆਂ ਨੂੰ ਹੁਣ ਜੁਰਮਾਨਾ ਲਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਹਰਸਿਮਰਨ ਮਲਹੋਤਰਾ, ਸੀਨੀਅਰ ‘ਆਪ’ ਆਗੂ ਸੁਖਰੀਤ ਰੋਮਾਣਾ, ਅਮਨ ਧਾਲੀਵਾਲ, ਧਰਮਿੰਦਰ ਸਿੰਘ ਨੰਬਰਦਾਰ, ਕਰਮਜੀਤ ਕਾਲਾ ਸ਼ਰਮਾ, ਸੁਰਿੰਦਰ ਗਰਗ, ਨਗਰ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਜਸਵਿੰਦਰ ਸਿੰਘ ਜੋਨੀ, ਦਵਿੰਦਰ ਬਾਬੂ, ਜਤਿੰਦਰ ਸਿੰਘ ਢੱਲਾ, ਬਲਕਰਨ ਸਰਾਵਾਂ, ਆਰੀਆਨ ਗੋਇਲ, ਨਾਇਬ ਸਿੰਘ ਬਰਾੜ ਸੇਵੇਵਾਲਾ ਆਦਿ ਹਾਜ਼ਰ ਸਨ।