ਪੀ ਐੱਚ ਡੀ ਕਰ ਰਿਹੈ ਜਗਸੀਰ ਚੀਮਾ ਚੋਣ ਮੈਦਾਨ ਵਿੱਚ
ਬਾਜ਼ੀਗਰ ਬਿਰਾਦਰੀ ਸਬੰਧਤ ਜਗਸੀਰ ਸਿੰਘ ਹਿੰਦੂ ਪਰਿਵਾਰ ਵਿੱਚ ਜੰਮਿਆ ਪਰ ਆਰੰਭ ਤੋਂ ਹੀ ਉਸ ਉਪਰ ਸਿੱਖ ਧਰਮ ਦਾ ਕਾਫ਼ੀ ਪ੍ਰਭਾਵ ਰਿਹਾ। ਇਸੇ ਦੇ ਚੱਲਦਿਆਂ ਉਸਨੇ ਸਿੱਖ ਇਤਿਹਾਸ ਨੂੰ ਹੋਰ ਡੂੰਘਾਈ ਨਾਲ ਜਾਣਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫ਼ਾਰਸੀ ਭਾਸ਼ਾ ਦਾ ਡਿਪਲੋਮਾ ਕੀਤਾ, ਕਿਉਂਕਿ ਉਸਦਾ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਵੇਲੇ ਦਾ ਬਹੁਤ ਇਤਿਹਾਸ ਫ਼ਾਰਸੀ ਵਿੱਚ ਲਿਖਿਆ ਹੋਣ ਕਰਕੇ ਉਹ ਖ਼ੁਦ ਪੜ੍ਹਨਾ ਚਾਹੁੰਦਾ ਸੀ।
ਜਗਸੀਰ ਨੇ ਪੰਜਾਬੀ ਯੂਨੀਵਰਸਿਟੀ ਤੋਂ ਐੱਮ ਏ ਇਤਿਹਾਸ ਕਰਨ ਉਪਰੰਤ ਭਾਈ ਲੱਖੀ ਸ਼ਾਹ ਵਣਜਾਰਾ ’ਤੇ ਪੀ ਐੱਚ ਡੀ ਦੀ ਪੜ੍ਹਾਈ ਸ਼ੁਰੂ ਕੀਤੀ ਹੈ। ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਤੋਂ ਉਸਦੀ ਪੜ੍ਹਾਈ ਦਾ ਦੂਜਾ ਵਰ੍ਹਾ ਹੈ। ਜਗਸੀਰ ਅਨੁਸਾਰ ਭਾਈ ਲੱਖੀ ਸ਼ਾਹ ਦੀ ਜ਼ਿੰਦਗੀ ਅਤੇ ਵਣਜਾਰਾ ਸਮਾਜ ਬਾਰੇ ਬਹੁਤੀ ਰਿਸਰਚ ਨਹੀਂ ਹੋਈ ਜਿਸ ਕਰਕੇ ਉਸਨੇ ਇਹ ਵਿਸ਼ਾ ਚੁਣਿਆ ਹੈ। ਉਸਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੱਕ ਵਣਜਾਰਾ ਸਮਾਜ ਦੇ ਬਹੁਤ ਲੋਕ ਸ਼ਹੀਦ ਹੋਏ ਹਨ ਜਿਨ੍ਹਾਂ ਬਾਰੇ ਉਸਦੀ ਖੋਜ ਦਾ ਕੰਮ ਚੱਲ ਰਿਹਾ ਹੈ। ਉਸਨੇ ਦੱਸਿਆ ਕਿ ਉਸਦੇ ਪਰਿਵਾਰ ਨੇ ਪਿੰਡ ਚੀਮਾ ਵਿੱਚ ਕਰੀਬ ਡੇਢ ਦੋ ਸਾਲ ਇਮਾਨਦਾਰੀ ਨਾਲ ਬੇਦਾਗ਼ ਰਹਿ ਕੇ ਸਰਪੰਚੀ ਕੀਤੀ ਅਤੇ ਪਿੰਡ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਜਗਸੀਰ ਸਿੰਘ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਹੁਣ ਲੋਕ ਹਿੱਤ ਵਿੱਚ ਗੁਜ਼ਾਰਨ ਦੇ ਮਕਸਦ ਨਾਲ ਰਾਜਨੀਤੀ ਵਿੱਚ ਆਏ ਹਨ ਅਤੇ ਆਪਣੇ ਇਲਾਕੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਤਾਂਘ ਰੱਖਦੇ ਹਨ।
