ਆਈ ਟੀ ਆਈ: ਬਾਦਲ ਵਾਸੀਆਂ ਨੇ ਨਾ ਚੁੱਕਣ ਦਿੱਤਾ ਸਾਮਾਨ
ਬਾਦਲ ਪਿੰਡ ਦੀ ਭੰਗ ਕੀਤੀ ਬਹੁ-ਕਰੋੜੀ ਆਈ ਟੀ ਆਈ ਦਾ ਸਾਮਾਨ ਖਿਉਵਾਲੀ ਭੇਜਣ ਦੇ ਵਿਰੋਧ ’ਚ ਅੱਜ ਪਿੰਡ ਵਾਸੀਆਂ ਨੇ ਇਮਾਰਤ ਦੇ ਮੁੱਖ ਦਰਵਾਜੇ ਨੂੰ ਜਿੰਦਰਾ ਜੜ ਕੇ ਧਰਨਾ ਲਗਾ ਦਿੱਤਾ। ਇਸ ਤੋਂ ਪਹਿਲਾਂ ਲੋਕਾਂ ਦੇ ਵਿਰੋਧ ਕਰ ਕੇ ਮੂਵਰ ਠੇਕੇਦਾਰ ਅਤੇ ਆਈ ਟੀ ਆਈ ਖਿਉਵਾਲੀ ਦਾ ਅਮਲਾ ਟਰੈਕਟਰ-ਟਰਾਲੀਆਂ ਸਣੇ ਖਾਲੀ ਹੱਥ ਮੁੜ ਗਿਆ। ਪਿੰਡ ਵਾਸੀਆਂ ਨੇ ਸੰਘਰਸ਼ ਲਈ 25 ਮੈਂਬਰੀ ਕਮੇਟੀ ਕਾਇਮ ਕਰ ਕੇ ਆਈ ਟੀ ਆਈ ਬਹਾਲ ਕਰਵਾਉਣ ਲਈ ਸੰਘਰਸ਼ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਛੇ ਪਿੰਡਾਂ ਮਾਨ, ਬਾਦਲ, ਮਿਠੜੀ ਬੁੱਧਗਿਰ, ਸਿੰਘੇਵਾਲਾ, ਫਤੂਹੀਵਾਲਾ, ਗੱਗੜ ਦੀਆਂ ਪੰਚਾਇਤਾਂ ਨੇ ਵੀ ਸਾਮਾਨ ਤਬਦੀਲੀ ਤੇ ਆਈ ਟੀ ਆਈ ਭੰਗ ਕਰਨ ਖ਼ਿਲਾਫ਼ ਮਤੇ ਪਾਸ ਕੀਤੇ ਸਨ। 2001 ਤੋਂ ਸਥਾਪਿਤ ਆਈ ਟੀ ਆਈ ਐੱਨ ਸੀ ਵੀ ਟੀ ਤਹਿਤ ਕੌਮੀ ਮਾਨਤਾ ਪ੍ਰਾਪਤ ਸੀ। ਇਸ ਦਾ ਨਿਰਮਾਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਰਵਾਇਆ ਗਿਆ ਸੀ। 7 ਜੁਲਾਈ 2025 ਨੂੰ ਪੰਜਾਬ ਮੰਤਰੀ ਮੰਡਲ ਨੇ ਆਈ ਟੀ ਆਈ ਬਾਦਲ (ਭੰਗ) ਸਬੰਧੀ ਫ਼ੈਸਲਾ ਲਿਆ ਸੀ।
ਸਾਬਕਾ ਸਰਪੰਚ ਜਬਰਜੰਗ ਸਿੰਘ ਨੇ ਇਸ ਫੈਸਲੇ ਨੂੰ ਗ਼ਲਤ ਦੱਸਦੇ ਹੋਏ ਕਿਹਾ ਕਿ ਹੁਣ ਲੜਕੀਆਂ ਨੂੰ ਕੰਪਿਊਟਰ ਸਿਖਲਾਈ ਲਈ ਖਿਉਵਾਲੀ ਜਾਣਾ ਪਵੇਗਾ। ਪਿੰਡ ਵਾਸੀ ਸੁਖਜੀਤ ਸਿੰਘ ਮੈਂਬਰ, ਸਰਬਜੀਤ ਸਿੰਘ, ਸੋਨੂ ਗੋਇਲ, ਕਰਨਬੀਰ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਅੰਗਰੇਜ ਸਿੰਘ, ਅਮਰਜੀਤ ਸਿੰਘ, ਗੁਰਵਿੰਦਰ ਸਿੰਘ, ਵਿਦਿਆਰਥੀ ਜਗਮੀਤ ਸਿੰਘ, ਨਰੋਤਮ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਇੱਥੋਂ ਦੀ ਵੱਡੀ ਇਮਾਰਤ ਦਾ ਸਾਮਾਨ ਖਿਉਵਾਲੀ ਦੀ ਖੰਡਰ ਇਮਾਰਤ ’ਚ ਤਬਦੀਲ ਕਰਨ ਦਾ ਫ਼ੈਸਲਾ ਗ਼ੈਰਵਾਜ਼ਬ ਹੈ। ਉਨਾਂ ਮੰਗ ਕੀਤੀ ਕਿ ਆਈਟੀਆਈ ਬਾਦਲ ਨੂੰ ਕਿਸੇ ਹੋਰ ਆਈਟੀਆਈ ਦੇ ਅਧੀਨ ਕਰ ਕੇ ਇੱਥੇ ਹੀ ਚਲਾਇਆ ਜਾਵੇ। ਸਰਬਜੀਤ ਸਿੰਘ ਤੇ ਹੋਰਾਂ ਨੇ ਸਾਮਾਨ ਨਾ ਚੁੱਕਣ ਦੇਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕੀਤਾ ਜਾਵੇਗਾ।
ਉੱਚ ਅਧਿਕਾਰੀਆਂ ਨੂੰ ਜ਼ਮੀਨੀ ਸਥਿਤੀ ਦੱਸੀ: ਪ੍ਰਿੰਸੀਪਲ
ਆਈ ਟੀ ਆਈ ਖਿਉਵਾਲੀ ਦੀ ਪ੍ਰਿੰਸੀਪਲ ਪੁਨੀਤਾ ਗੋਇਲ ਨੇ ਦੱਸਿਆ ਕਿ ਮੂਵਰ ਠੇਕੇਦਾਰ ਨੇ ਆਈ ਟੀ ਆਈ ਬਾਦਲ ਦਾ ਸਾਮਾਨ ਨਾ ਚੁੱਕ ਸਕਣ ਸਬੰਧੀ ਲਿਖਤੀ ਜਾਣਕਾਰੀ ਦਿੱਤੀ ਹੈ। ਸਾਰੀ ਸਥਿਤੀ ਉੱਚ ਅਧਿਕਾਰੀਆਂ ਨਾਲ ਸਾਂਝੀ ਕਰ ਦਿੱਤੀ ਹੈ।
