ਆਈ ਟੀ ਆਈ ਬਾਦਲ ਦਾ ਸਾਮਾਨ ਖਿਉਵਾਲੀ ਭੇਜਣ ਦਾ ਵਿਰੋਧ
ਪਿੰਡ ਬਾਦਲ ਦੀ ਬਹੁਕਰੋੜੀ ਆਈ ਟੀ ਆਈ ਨੂੰ ਖਿਉਵਾਲੀ ਆਈ ਟੀ ਆਈ ’ਚ ਤਬਦੀਲ ਕਰਨ ਤੋਂ ਬਾਅਦ ਹੁਣ ਸਾਮਾਨ ਭੇਜਣ ਦੀ ਪ੍ਰਕਿਰਿਆ ਖ਼ਿਲਾਫ਼ ਲੋਕ ਵਿਰੋਧ ਉਠ ਪਿਆ ਹੈ। ਪਿੰਡ ਮਾਨ, ਬਾਦਲ, ਮਿੱਠੜੀ ਬੁੱਧਗਿਰ, ਸਿੰਘੇਵਾਲਾ, ਫਤੂਹੀਵਾਲਾ ਅਤੇ ਗੱਗੜ ਸਣੇ ਛੇ ਪਿੰਡਾਂ ਦੀਆਂ ਪੰਚਾਇਤਾਂ ਨੇ ਸਾਮਾਨ ਤਬਦੀਲੀ ਖ਼ਿਲਾਫ਼ ਵਿਰੋਧੀ ਮਤੇ ਪਾਸ ਕਰਕੇ ਉਨ੍ਹਾਂ ਦੀਆਂ ਕਾਪੀਆਂ ਮੁੱਖ ਮੰਤਰੀ ਪੰਜਾਬ, ਤਕਨੀਕੀ ਸਿੱਖਿਆ ਮੰਤਰੀ, ਸਕੱਤਰ ਅਤੇ ਡਾਇਰੈਕਟਰ (ਤਕਨੀਕੀ ਸਿੱਖਿਆ) ਨੂੰ ਭੇਜੀਆਂ ਹਨ। ਗਰਾਮ ਪੰਚਾਇਤਾਂ ਨੇ ਆਈ ਟੀ ਆਈ ਖਿਉਵਾਲੀ ਦੇ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪ ਕੇ ਚਿਤਾਵਨੀ ਦਿੱਤੀ ਹੈ ਕਿ ਜੇ ਸਾਮਾਨ ਭੇਜਿਆ ਗਿਆ ਤਾਂ ਤਿੱਖਾ ਵਿਰੋਧ ਕੀਤਾ ਜਾਵੇਗਾ। ਜ਼ਿਕਰਯੋਗ ਕਿ ਪੰਜਾਬ ਮੰਤਰੀ ਮੰਡਲ ਨੇ 7 ਜੁਲਾਈ 2025 ਨੂੰ ਆਈ ਟੀ ਆਈ ਬਾਦਲ ਤਬਦੀਲ ਕਰਨ ਦਾ ਨਿਰਣਾ ਲਿਆ ਸੀ। ਨੋਟੀਫਿਕੇਸ਼ਨ ਤੋਂ ਬਾਅਦ 20 ਮੁਲਾਜ਼ਮ ਖਿਉਵਾਲੀ ਜੁਆਇਨ ਕਰ ਚੁੱਕੇ ਹਨ, ਜਦਕਿ ਸਾਮਾਨ ਤਬਦੀਲੀ ਦੀ ਪ੍ਰਕਿਰਿਆ ਹਾਲੇ ਅਧੂਰੀ ਹੈ। ਜਾਣਕਾਰੀ ਅਨੁਸਾਰ, ਸਾਮਾਨ ਤਬਦੀਲੀ ਲਈ ਕਰੀਬ ਡੇਢ ਲੱਖ ਰੁਪਏ ਦੀ ‘ਕੁਟੇਸ਼ਨੀ’ ਆਧਾਰਿਤ ਠੇਕਾ ਪ੍ਰਕਿਰਿਆ ਹੋਈ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਆਈ ਟੀ ਆਈ ਬਾਦਲ ਦੀ ਤਬਦੀਲੀ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ। ਦੂਜੇ ਪਾਸੇ, ਆਈ ਟੀ ਆਈ ਖਿਉਵਾਲੀ ਦੀ ਪ੍ਰਿੰਸੀਪਲ ਪੁਨੀਤਾ ਗੋਇਲ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਸਾਮਾਨ ਤਬਦੀਲੀ ਦੀ ਪ੍ਰਕਿਰਿਆ ਜਾਰੀ ਹੈ। ਕੁਟੇਸ਼ਨ ਰਾਹੀਂ ਸਾਮਾਨ ਚੁਕਵਾ ਕੇ ਆਈ ਟੀ ਆਈ ਬਾਦਲ ਦੀ ਇਮਾਰਤ ਗਰਾਮ ਪੰਚਾਇਤ ਨੂੰ ਸੌਂਪ ਦਿੱਤੀ ਜਾਵੇਗੀ।
