ਕਬਰਿਸਤਾਨਾਂ ਦਾ ਮੁੱਦਾ ਘੱਟ ਗਿਣਤੀ ਕਮਿਸ਼ਨ ਕੋਲ ਚੁੱਕਿਆ
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਵੱਲੋਂ ਮੁਕਤਸਰ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਘੱਟ ਗਿਣਤੀ ਭਾਈਚਾਰੇ ਨਾਲ ਬੈਠਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤਾ ਗਿਆ। ਇਸ ਮੌਕੇ ਇਸਾਈ ਭਾਈਚਾਰੇ ਵੱਲੋਂ ਮ੍ਰਿਤਕ ਸਰੀਰਾਂ ਨੂੰ ਦਫਨਾਉਣ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਕਮਿਸ਼ਨ ਨੂੰ ਬੇਨਤੀ ਕੀਤੀ। ਮਸੀਹੀ ਭਾਈਚਾਰੇ ਨੇ ਦੱਸਿਆ ਕਿ ਕਬਰਿਸਤਾਨਾਂ ’ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਕਈ ਸ਼ਹਿਰਾਂ ਤੇ ਪਿੰਡਾਂ ਵਿੱਚ ਕਬਰਿਸਤਾਨ ਮੌਜੂਦ ਹੀ ਨਹੀਂ। ਇਸ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਬਰਿਸਤਾਨਾਂ ਲਈ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ। ਚੇਅਰਮੈਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੂੰ ਕਬਰਿਸਤਾਨਾਂ ਅਤੇ ਹੋਰ ਮਸਲਿਆਂ ਦਾ ਜਲਦ ਹੱਲ ਕਰਨ ਲਈ ਹੁਕਮ ਦਿੱਤਾ। ਇਸ ’ਤੇ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਇਨ੍ਹਾਂ ਮਸਲਿਆਂ ਦਾ ਹੱਲ ਕਰ ਦੇਣਗੇ। ਇਸ ਮੌਕੇ ਏਡੀਸੀ ਡੀ ਸੁਰਿੰਦਰ ਸਿੰਘ ਢਿੱਲੋ, ਐੱਸਡੀਐੱਮ ਬਲਜੀਤ ਕੌਰ ਜੁਗਰਾਜ ਸਿੰਘ, ਜ਼ਿਲਾ ਭਲਾਈ ਅਫਸਰ ਜਗਮੋਹਨ ਸਿੰਘ ਮਾਨ ਮੌਜੂਦ ਸਨ।