ਆਈਪੀਐੱਸ ਖ਼ੁਦਕੁਸ਼ੀ ਮਾਮਲਾ: ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ; ਅਮਿਤ ਸ਼ਾਹ ਦਾ ਫੂਕਿਆ ਪੁਤਲਾ !
ਅੱਜ ਇੱਥੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਡ. ਅੰਬੇਡਕਰ ਚੇਤਨਾ ਮੰਚ, ਯੂਥ ਕਲੱਬ, ਬਾਬਾ ਜੀਵਨ ਸਿੰਘ ਪ੍ਰਚਾਰਕ ਕਮੇਟੀ ਅਤੇ ਜ਼ਬਰ ਜ਼ੁਲਮ ਵਿਰੋਧੀ ਫਰੰਟ ਵੱਲੋਂ ਏਡੀਜੀਪੀ ਹਰਿਆਣਾ ਪੂਰਨ ਕੁਮਾਰ ਨੂੰ ਖ਼ੁਦਕਸ਼ੀ ਕਰਨ ਲਈ ਮਜਬੂਰ ਕਰਨ ਅਤੇ ਚੀਫ ਜਸਟਿਸ ਬੀਆਰ ਗਵਈ ਉੱਤੇ ਜੁੱਤਾ ਸੁੱਟਣ ਵਾਲੇ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਚਰਨ ਸਿੰਘ ਚੋਪੜਾ, ਬਲਕਾਰ ਸਿੰਘ ਭਵਾਨੀਗੜ੍ਹ, ਗੁਰਤੇਜ ਸਿੰਘ ਕਾਦਰਾਬਾਦ, ਪੈਨਸ਼ਨਰਜ਼ ਐਸੋਸ਼ੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ, ਸੁਖਦੇਵ ਸਿੰਘ ਭਵਾਨੀਗੜ੍ਹ, ਪ੍ਰੀਤਮ ਸਿੰਘ ਤੂਰ, ਗੁਰਨਾਮ ਸਿੰਘ, ਗੁਰਜੰਟ ਸਿੰਘ, ਧਰਮਪਾਲ ਸਿੰਘ ਅਤੇ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਉਕਤ ਦੋਵੇਂ ਘਟਨਾਵਾਂ ਦਲਿਤ ਭਾਈਚਾਰੇ ਨਾਲ ਸਬੰਧਤ ਉੱਚ ਸੰਵਿਧਾਨਕ ਅਧਿਕਾਰੀਆਂ ਨੂੰ ਨੀਵਾਂ ਦਿਖਾਉਣ ਲਈ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਸੇ ਜਲੀਲਤਾ ਤੋਂ ਪਰੇਸ਼ਾਨ ਹੋ ਕੇ ਏਡੀਜੀਪੀ ਪੂਰਨ ਕੁਮਾਰ ਨੂੰ ਖ਼ੁਦਕਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਤੋਂ ਟਾਲਮਟੋਲ ਕਰਨ ਦੇ ਰੋਸ ਵੱਜੋਂ ਅੱਜ ਪੁਤਲਾ ਫੂਕਿਆ ਗਿਆ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੂਰੇ ਦੇਸ਼ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।