ਸੜਕਾਂ ’ਚ ਮਾੜੀ ਸਮੱਗਰੀ ਵਰਤਣ ਦੀ ਜਾਂਚ ਸ਼ੁਰੂ
ਮਾਨਸਾ ਜ਼ਿਲ੍ਹੇ ’ਚ ਸੜਕਾਂ ਦੇ ਨਿਰਮਾਣ ਵਿੱਚ ਮਾੜਾ ਮਟੀਰੀਅਲ ਵਰਤਣ ਦੀਆਂ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਪੰਜਾਬ ਮੰਡੀ ਬੋਰਡ ਨੇ ਪੜਤਾਲ ਆਰੰਭ ਦਿੱਤੀ ਹੈ। ਪੰਜਾਬ ਮੰਡੀ ਬੋਰਡ ਦੀ ਟੀਮ ਵੱਲੋਂ ਇਥੇ ਸੈਂਟਰਲ ਪਾਰਕ ਨੇੜਲੇ ਰਜਬਾਹੇ ਦੀ ਪਟੜੀ ਉਪਰ ਨਵੀਂ ਬਣੀ ਸੜਕ ਦੇ ਸੈਂਪਲ ਲੈ ਕੇ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ। ਮਾਨਸਾ ਦੇ ਸੈਂਟਰਲ ਪਾਰਕ ਦੇ ਨਜ਼ਦੀਕ ਬਣੀ ਨਵੀਂ ਸੜਕ ਨੂੰ ਲੈ ਕੇ ਸ਼ਹਿਰ ਦੇ ਲੋਕਾਂ ਨੇ ਸੜਕ ਵਿੱਚ ਕਥਿਤ ਘਟੀਆ ਮਟੀਰੀਅਲ ਵਰਤਣ ਦੇ ਸੋਸ਼ਲ ਮੀਡੀਆ ’ਤੇ ਦੋਸ਼ ਲਾਏ ਸਨ ਅਤੇ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਮੰਡੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਮਾਨਸਾ ਪਹੁੰਚ ਕੇ ਸੜਕ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਕਰਨ ਪਹੁੰਚੇ ਪੰਜਾਬ ਮੰਡੀ ਬੋਰਡ ਬਠਿੰਡਾ ਦੇ ਐੱਸ ਸੀ ਵਿਪਨ ਖੰਨਾ ਨੇ ਕਿਹਾ ਕਿ ਪਿਛਲੇ ਦਿਨੀਂ ਮਾਨਸਾ ਸ਼ਹਿਰ ਦੇ ਲੋਕਾਂ ਵੱਲੋਂ ਸੜਕ ਨੂੰ ਲੈ ਕੇ ਸਵਾਲ ਉਠਾਏ ਗਏ ਸਨ। ਉਨ੍ਹਾਂ ਕਿਹਾ ਕਿ ਸੜਕ ਦੇ ਅੱਜ ਟੀਮ ਵੱਲੋਂ ਕਈ ਥਾਵਾਂ ਤੋਂ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇ ਸੜਕ ਦੇ ਕੰਮ ਵਿੱਚ ਧਾਂਦਲੀ ਪਾਈ ਗਈ ਤਾਂ ਠੇਕੇਦਾਰ ਖ਼ਿਲਾਫ਼ ਕਾਰਵਾਈ ਹੋਵੇਗੀ। ਅਧਿਕਾਰੀ ਵਿਪਨ ਖੰਨਾ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ 370 ਕਿਲੋਮੀਟਰ ਸੜਕਾਂ ਬਣਾਈਆਂ ਜਾਣੀਆਂ ਹਨ, ਜਿਸ ਲਈ 100 ਕਿਲੋਮੀਟਰ ਦੇ ਕਰੀਬ ਸੜਕਾਂ ਦਾ ਕੰਮ ਪੂਰਾ ਹੋ ਗਿਆ ਹੈ।
ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਵਿਪਨ ਖੰਨਾ ਨੇ ਕਿਹਾ ਕਿ ਜਦੋਂ ਵੀ ਸੜਕ ਬਣਾਈ ਜਾਂਦੀ ਹੈ ਤਾਂ ਉਸ ਸਮੇਂ ਕੁਝ ਸ਼ਹਿਰ ਦੇ ਲੋਕਾਂ ਵੱਲੋਂ ਸੜਕ ਪੁੱਟ ਕੇ ਦਿਖਾਈ ਗਈ ਸੀ। ਉਨ੍ਹਾਂ ਕਿਹਾ ਕਿ ਸੜਕ ਦੇ ਵਿੱਚ ਅਜੇ ਤੱਕ ਕੋਈ ਵੀ ਘਟੀਆ ਮਟੀਰੀਅਲ ਵਰਤਣ ਦੀ ਗੱਲ ਸਾਹਮਣੇ ਨਹੀਂ ਆਈ, ਪਰ ਫਿਰ ਵੀ ਉਨ੍ਹਾਂ ਵੱਲੋਂ ਸੜਕ ਦੇ ਕਈ ਜਗ੍ਹਾ ਤੋਂ ਸੈਂਪਲ ਲਏ ਗਏ ਹਨ ਅਤੇ ਇਸ ਨੂੰ ਜਾਂਚ ਲਈ ਲੈਬ ਦੇ ਵਿੱਚ ਭੇਜਿਆ ਜਾਵੇਗਾ।
ਉਧਰ ਦੂਸਰੇ ਪਾਸੇ ਸੜਕ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸਵਾਲ ਉਠਾਉਣ ਵਾਲੇ ਲੋਕਾਂ ਨੇ ਕਿਹਾ ਕਿ ਜੇਕਰ ਸੋਸ਼ਲ ਮੀਡੀਆ ’ਤੇ ਵੀਡੀਓ ’ਤੇ ਪੋਸਟ ਪਾਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੜਕ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਚੰਗੀ ਗੱਲ ਹੈ ਪਰ ਇਸ ਦੀ ਸਹੀ ਤਰੀਕੇ ਦੇ ਨਾਲ ਜਾਂਚ ਕੀਤੀ ਜਾਵੇ।
