ਸੱਤ ਦਫ਼ਤਰਾਂ ’ਚੋਂ ਇਨਵਰਟਰ ਤੇ ਬੈਟਰੇ ਚੋਰੀ
ਤਲਵੰਡੀ ਰੋਡ ’ਤੇ ਚੋਰ ਇੱਕੋ ਰਾਤ ’ਚ ਇੱਕੋ ਇਮਾਰਤ ’ਚ ਸਥਿਤ 7 ਸਰਕਾਰੀ ਦਫ਼ਤਰਾਂ ਵਿੱਚੋਂ ਇਨਵਰਟਰ ਅਤੇ ਬੈਟਰੇ ਚੋਰੀ ਕਰਕੇ ਫ਼ਰਾਰ ਹੋ ਗਏ ਹਨ। ਇਸ ਸਬੰਧੀ ਮੰਡੀ ਬੋਰਡ ਦਫਤਰ ਜ਼ੀਰਾ ਦੇ ਜੇਈ ਪਰਸ਼ਨ ਸਿੰਘ, ਗੁਰਵਿੰਦਰ ਸਿੰਘ ਅਤੇ ਸੇਵਾਦਾਰ ਸੁਖਦੀਪ ਸਿੰਘ ਨੇ ਦੱਸਿਆ ਕਿ ਉਹ ਜਦ ਅੱਜ ਮੰਡੀ ਬੋਰਡ ਦੇ ਦਫਤ਼ਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਦਫ਼ਤਰ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਕਮਰਿਆਂ ਵਿੱਚ ਪਈਆਂ ਰਿਕਾਰਡ ਵਾਲੀਆਂ ਅਲਮਾਰੀਆਂ ਦੇ ਜਿੰਦਰੇ ਤੋੜ ਕੇ ਚੋਰਾਂ ਵੱਲੋਂ ਉਨ੍ਹਾਂ ਨਾਲ ਛੇੜਛਾੜ ਕੀਤੀ ਗਈ ਤੇ ਦਫਤਰ ਦਾ ਇਨਵਰਟਰ ਅਤੇ ਬੈਟਰਾ ਵੀ ਉੱਥੋਂ ਗਾਇਬ ਸੀ। ਇਸ ਉਪਰੰਤ ਜਦ ਨਾਲ ਲੱਗਦੇ ਫੂਡ ਸਪਲਾਈ ਦਫਤਰ, ਭੂਮੀ ਰੱਖਿਆ ਦਫ਼ਤਰ, ਦਫ਼ਤਰ ਸਹਿਕਾਰੀ ਸਭਾਵਾਂ, ਬਾਲ ਵਿਕਾਸ ਪ੍ਰਾਜੈਕਟ ਦਫ਼ਤਰ, ਬਾਗ਼ਬਾਨੀ ਦਫ਼ਤਰ ਅਤੇ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ਦੇ ਮੁਲਾਜ਼ਮ ਦਫ਼ਤਰਾਂ ਵਿੱਚ ਪਹੁੰਚੇ ਤਾਂ ਉਨ੍ਹਾਂ ਦੇ ਦਫ਼ਤਰਾਂ ਦੇ ਵੀ ਜਿੰਦਰੇ ਟੁੱਟੇ ਹੋਏ ਸਨ ਅਤੇ ਸਾਰੇ ਦਫ਼ਤਰਾਂ ਵਿੱਚੋਂ ਇਨਵਰਟਰ ਅਤੇ ਬੈਟਰੇ ਗਾਇਬ ਸਨ। ਮੌਕੇ ’ਤੇ ਹਾਜ਼ਰ ਮੁਲਾਜ਼ਮਾਂ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਚੋਰੀ ਦੀ ਵਾਰਦਾਤ ਰਾਤ ਦੋ ਵਜੇ ਦੇ ਕਰੀਬ ਵਾਪਰੀ ਹੈ। ਇੱਕ ਔਰਤ ਅਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਵੱਖ-ਵੱਖ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਥਾਣਾ ਸਿਟੀ ਜ਼ੀਰਾ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਜ਼ੀਰਾ ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।