ਮਿਆਦ ਪੁੱਗੀਆਂ ਚੀਜ਼ਾਂ ਨਾ ਵੇਚਣ ਦੀ ਹਦਾਇਤ
ਤਿਉਹਾਰਾਂ ਦੇ ਮੱਦੇਨਜ਼ਰ ਅੱਜ ਅਗਰਵਾਲ ਧਰਮਸ਼ਾਲਾ ਵਿੱਚ ਸ਼ਹਿਰ ਦੇ ਵਪਾਰੀਆਂ, ਕਾਰੋਬਾਰੀਆਂ ਅਤੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਨਾਲ ਜ਼ਿਲ੍ਹਾ ਸਿਹਤ ਅਫਸਰ ਡਾ. ਰਣਜੀਤ ਸਿੰਘ ਰਾਏ ਅਤੇ ਫੂਡ ਸੇਫਟੀ ਅਫਸਰ ਮੈਡਮ ਸੀਮਾ ਬਾਵਾ ਵੱਲੋਂ ਮੀਟਿੰਗ ਕੀਤੀ ਗਈ। ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਜਿਸ ਪਾਸੋਂ ਵੀ ਆਪਣਾ ਸਾਮਾਨ ਖ਼ਰੀਦਦੇ ਹਨ, ਉਨ੍ਹਾਂ ਤੋਂ ਪੱਕਾ ਬਿੱਲ ਜ਼ਰੂਰ ਲਿਆ ਕਰਨ ਅਤੇ ਗਾਹਕ ਨੂੰ ਵੀ ਬਿੱਲ ਕੱਟ ਕੇ ਦਿੱਤਾ ਜਾਵੇ। ਜੇਕਰ ਉਹ 12 ਲੱਖ ਰੁਪਏ ਤੋਂ ਵੱਧ ਦੀ ਟਰਨਓਵਰ ਕਰਦੇ ਹਨ ਤਾਂ ਉਨ੍ਹਾਂ ਲਈ ਲਾਇਸੈਂਸ ਲੈਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਦੇ ਕਰਮਚਾਰੀ ਜਦੋਂ ਨਮੂਨੇ ਭਰਨ ਆਉਂਦੇ ਹਨ ਤਾਂ ਉਨ੍ਹਾਂ ਨੂੰ ਨਾ ਡਰਨ ਅਤੇ ਨਾ ਹੀ ਦੁਕਾਨਾਂ ਬੰਦ ਕਰਨ ਦੀ ਲੋੜ ਹੈ, ਕਿਉਂਕਿ ਨਮੂਨਾ ਉਨ੍ਹਾਂ ਦੀ ਹਾਜ਼ਰੀ ਵਿੱਚ ਹੀ ਭਰਿਆ ਜਾਂਦਾ ਹੈ ਅਤੇ ਵਿਭਾਗ ਕਿਸੇ ਨਾਲ ਵਧੀਕੀ ਨਹੀਂ ਕਰਦਾ। ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤਾਂ ਵਿੱਚ ਰੰਗਦਾਰ ਕੈਮੀਕਲ ਵੀ ਨਹੀਂ ਵਰਤਣੇ ਚਾਹੀਦੇ। ਦੁਕਾਨਦਾਰ ਦਾ ਸ਼ੈਂਪਲ ਫੇਲ੍ਹ ਹੋ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਦੁਕਾਨਦਾਰ ਮਿਆਦ ਪੁੱਗ ਚੁੱਕੀਆਂ ਵਸਤਾਂ ਨਾ ਵੇਚਣ ਅਤੇ ਨਾ ਦੁਕਾਨ ’ਚ ਰੱਖਣ। ਇਸ ਮੌਕੇ ਪਵਨ ਕੁਮਾਰ ਅਰੋੜਾ, ਮੁਕੇਸ਼ ਸਿੰਗਲਾ, ਅਤੁਲ ਸਿੰਗਲਾ, ਹਰੀਸ਼ ਕੁਮਾਰ ਗੌਸਾ, ਸੋਮ ਨਾਥ ਪੱਖੋ ਅਤੇ ਜੀਤ ਰਾਈਆ ਆਦਿ ਦੁਕਾਨਦਾਰਾਂ ਨੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗਾ।