ਏਲਨਾਬਾਦ ’ਚ ਸਤਿਗੁਰੂ ਰਾਮ ਸਿੰਘ ਚੌਕ ਦਾ ਉਦਘਾਟਨ
ਇਥੇ ਤਲਵਾੜਾ ਰੋਡ ’ਤੇ ਸਥਿਤ ਟਿੱਬੀ ਚੌਕ ਦਾ ਨਾਮ ਅੱਜ ਮਹਾਨ ਆਜ਼ਾਦੀ ਘੁਲਾਟੀਏ ਅਤੇ ਕੂਕਾ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਰੱਖਿਆ ਗਿਆ ਹੈ। ਇਸ ਚੌਕ ਦਾ ਉਦਘਾਟਨ ਪ੍ਰਸਿੱਧ ਇਤਿਹਾਸਕਾਰ ਅਤੇ ਕਿਸਾਨ ਆਗੂ ਕਾਮਰੇਡ ਸੁਵਰਨ ਸਿੰਘ ਵਿਰਕ ਨੇ ਕੀਤਾ। ਕਿਸਾਨ ਆਗੂ ਸਰਬਜੀਤ ਸਿੰਘ ਸਿੱਧੂ ਨੇ ਦੱਸਿਆ ਕਿ 20 ਸਾਲ ਪਹਿਲਾਂ ਬਲੀ ਸਿੰਘ ਗੁਰਾਇਆ ਅਤੇ ਲੋਕ ਪੰਚਾਇਤ ਦੇ ਹੋਰ ਮੈਂਬਰਾਂ ਨੇ ਇਸ ਚੌਕ ਦਾ ਨਾਮ ਸਤਿਗੁਰੂ ਰਾਮ ਸਿੰਘ ਚੌਕ ਰੱਖਣ ਲਈ ਨਗਰ ਕੌਂਸਲ ਕੋਲ ਤਜਵੀਜ਼ ਪੇਸ਼ ਕੀਤੀ ਸੀ ਪਰ ਇਹ ਮੰਗ ਅਜੇ ਤੱਕ ਪੂਰੀ ਨਹੀਂ ਹੋਈ ਸੀ। ਹੁਣ ਸਰਬਜੀਤ ਸਿੰਘ ਸਿੱਧੂ ਅਤੇ ਗੁਰਦੀਪ ਸਿੰਘ ਗੁਰਾਇਆ ਨੇ ਇਸ ਮੰਗ ਨੂੰ ਉਠਾਇਆ। ਸਥਾਨਕ ਨਗਰ ਕੌਂਸਲ ਅਤੇ ਲੋਕ ਨਿਰਮਾਣ ਵਿਭਾਗ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਇਸ ਚੌਕ ਦਾ ਨਾਮ ਸਤਿਗੁਰੂ ਰਾਮ ਸਿੰਘ ਚੌਕ ਰੱਖਿਆ ਗਿਆ ਹੈ। ਸਰਬਜੀਤ ਸਿੰਘ ਸਿੱਧੂ ਨੇ ਸਟੇਜ ਸੰਚਾਲਨ ਕਰਦਿਆਂ ਏਲਨਾਬਾਦ ਵਿੱਚ ਸਤਿਗੁਰੂ ਰਾਮ ਸਿੰਘ ਚੌਕ ਦੀ ਜ਼ਰੂਰਤ ’ਤੇ ਚਾਨਣਾ ਪਾਇਆ। ਕਾਮਰੇਡ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੀਆਂ ਇਹ ਯਾਦਗਾਰਾਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਇਸ ਮੌਕੇ ਕਾਮਰੇਡ ਸੁਰਜੀਤ ਸਿੰਘ, ਗੁਰਦੀਪ ਸਿੰਘ ਗੁਰਾਇਆ, ਸੁਰਿੰਦਰ ਸਿੱਧੂ, ਗੁਰਵਿੰਦਰ ਸਿੰਘ ਭੱਟੀ, ਨਿਰਵੈਰ ਸਿੰਘ, ਸਰਪੰਚ ਗੁਰਮੇਲ ਸਿੰਘ, ਸੇਵਾ ਸਿੰਘ, ਗੁਰਭੇਜ ਸਿੰਘ, ਹਰਦੇਵ ਸਿੰਘ, ਪ੍ਰਿਤਪਾਲ ਸਿੱਧੂ, ਗੁਰਮੀਤ ਸਿੰਘ, ਹਰਦਿਆਲ ਸਿੰਘ, ਸੁਖਦੇਵ ਸਿੰਘ, ਜਤਿੰਦਰ ਸਿੰਘ, ਬਲਰਾਜ ਸਿੰਘ, ਅਨੂਪ ਸਿੰਘ, ਕਾਮਰੇਡ ਗੁਰਦੀਪ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ, ਮੱਖਣ ਸਿੰਘ ਹੰਜਰਾ ਆਦਿ ਨੇ ਸੰਬੋਧਨ ਕੀਤਾ ਅਤੇ ਇਸ ਯਾਦਗਾਰੀ ਚੌਕ ਦੇ ਨਿਰਮਾਣ ਵਿੱਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।