ਨਾਬਾਲਗ ਨਾਲ ਜਬਰ-ਜਨਾਹ ਕਰਨ ਵਾਲਾ ਅਖੌਤੀ ਬਾਬਾ ਗ੍ਰਿਫ਼ਤਾਰ
ਇੱਕ ਵਿਆਹੁਤਾ ਔਰਤ ਦੇ ਪ੍ਰੇਮੀ ਵੱਲੋਂ ਉਸ ਦੀ ਨਾਬਾਲਗ ਧੀ ਨੂੰ ਆਪਣੇ ਨਾਲ ਭਜਾ ਕੇ ਲਿਜਾਣ ਤੇ ਉਸ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਨੁਸਾਰ ਕੁੜੀ ਦੀ ਮਾਂ ਦੇ ਰਾਣੀਆਂ ਖੇਤਰ ’ਚ ਵਿੱਚ ਪੇਕੇ ਹਨ ਜਦਕਿ ਸਹੁਰੇ ਰਾਜਸਥਾਨ ਵਿੱਚ ਹਨ। ਮੁਲਜ਼ਮ 31 ਸਾਲਾ ਸੁਭਾਸ਼ ਉਰਫ਼ ਭੂਤਨਾਥ ਵੀ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ ਭੂਤ-ਪ੍ਰੇਤ ਕੱਢਦਾ ਹੈ। ਲੜਕੀ ਦੀ ਮਾਂ ਤੇ ਉਹ ਦੋਵੇਂ ਇੱਕ-ਦੂਜੇ ਨੂੰ ਜਾਣਦੇ ਸਨ। ਔਰਤ ਪਿਛਲੇ ਛੇ ਮਹੀਨਿਆਂ ਤੋਂ ਆਪਣੀ 17 ਸਾਲਾ ਧੀ ਨਾਲ ਆਪਣੇ ਪੇਕੇ ਘਰ ਵਿੱਚ ਰਹਿ ਰਹੀ ਸੀ। ਮੁਲਜ਼ਮ ਵੀ ਇਸ ਪਿੰਡ ਵਿੱਚ ਆ ਕੇ ਰਹਿਣ ਲੱਗ ਪਿਆ ਅਤੇ ਆਪਣੀ ਪ੍ਰੇਮਿਕਾ ਦੇ ਘਰ ਆਉਣ ਜਾਣ ਬਣਾ ਲਿਆ। ਇਸ ਦੌਰਾਨ ਉਸ ਨੇ ਆਪਣੀ ਪ੍ਰੇਮਿਕਾ ਦੀ ਧੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਅਤੇ ਉਸ ਨੂੰ ਨਾਲ ਲੈ ਕੇ ਫਰਾਰ ਹੋ ਗਿਆ। ਰਾਣੀਆਂ ਥਾਣੇ ਵਿੱਚ ਮਾਮਲਾ ਦਰਜ ਹੋਣ ਤੋਂ ਬਾਅਦ ਪੁਲੀਸ ਨੇ ਕੁੜੀ ਨੂੰ ਰਾਜਸਥਾਨ ਤੋਂ ਬਰਾਮਦ ਕਰ ਲਿਆ ਸੀ ਪਰ ਮੁਲਜ਼ਮ ਫਰਾਰ ਸੀ। ਸਬ ਇੰਸਪੈਕਟਰ ਸ਼ੰਮੀ ਨੇ ਦੱਸਿਆ ਕਿ ਹੁਣ ਮੁਲਜ਼ਮ ਸੁਭਾਸ਼ ਉਰਫ਼ ਭੂਤਨਾਥ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛ-ਪੜਤਾਲ ਦੌਰਾਨ ਉਸ ਨੇ ਦੱਸਿਆ ਕਿ ਉਸ ਦੇ ਲੜਕੀ ਦੀ ਮਾਂ ਨਾਲ ਸਰੀਰਕ ਸਬੰਧ ਸਨ। ਉਸ ਦੀ ਪ੍ਰੇਮਿਕਾ ਜਦੋਂ ਆਪਣੇ ਪਿੰਡ ਰਹਿਣ ਲੱਗੀ ਤਾਂ ਉਹ ਵੀ ਉਸ ਪਿੰਡ ਵਿੱਚ ਬਣੇ ਡੇਰੇ ਵਿੱਚ ਇੱਕ ਬਾਬਾ ਬਣ ਕੇ ਰਹਿਣ ਲੱਗ ਪਿਆ। ਉਹ ਉੱਥੇ ਭੂਤ-ਪ੍ਰੇਤ ਕੱਢਣ ਲੱਗ ਪਿਆ। ਕੁੜੀ ਵੀ ਡੇਰੇ ਜਾਂਦੀ ਸੀ। ਇਸ ਦੌਰਾਨ ਉਸ ਨੇ ਕੁੜੀ ਨਾਲ ਨੇੜਤਾ ਵਧਾਈ ਅਤੇ ਵਿਆਹ ਦਾ ਝਾਂਸਾ ਦੇ ਕੇ ਕੁੜੀ ਨੂੰ ਲੈ ਕੇ ਫਰਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਡਾਕਟਰੀ ਰਿਪੋਰਟ ਵਿੱਚ ਕੁੜੀ ਨਾਲ ਜਬਰ-ਜਨਾਹ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ। ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।