ਅਬੋਹਰ ’ਚ ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ
ਥਾਣਾ ਸਦਰ ਪੁਲੀਸ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਅੱਜ ਤੜਕੇ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ, ਜਿਸ ਤਹਿਤ ਦੋਵੇਂ ਵਿਭਾਗਾਂ ਦੀ ਟੀਮ ਨੇ ਸਵੇਰੇ 4 ਵਜੇ ਦੇ ਕਰੀਬ ਪਿੰਡ ਚੰਨਣਖੇੜਾ ਵਿੱਚ ਨਹਿਰ ਦੇ ਕੰਢੇ ਦੱਬੇ ਭਾਰੀ ਮਾਤਰਾ ਵਿੱਚ ਲਾਹਣ ਨੂੰ ਬਰਾਮਦ ਕਰਕੇ ਨਸ਼ਟ ਕੀਤਾ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਛਾਪੇਮਾਰੀ ਤੋਂ ਪਹਿਲਾਂ ਹੀ ਨਸ਼ਾ ਤਸਕਰ ਉੱਥੋਂ ਭੱਜ ਗਏ। ਜਾਣਕਾਰੀ ਅਨੁਸਾਰ, ਥਾਣਾ ਸਦਰ ਪੁਲੀਸ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਨਿਰਮਲ ਸਿੰਘ ਨੇ ਮੁਖਬਰ ਦੀ ਸੂਚਨਾ 'ਤੇ ਚੰਨਣਖੇੜਾ ਵਿੱਚ ਨਹਿਰ ਦੇ ਕੰਢੇ ਲਗਪਗ ਦੋ ਦਰਜਨ ਕਰਮਚਾਰੀਆਂ ਨਾਲ ਛਾਪਾ ਮਾਰਿਆ ਅਤੇ ਉੱਥੇ ਪਏ ਟੋਇਆਂ ਤੋਂ ਮਿੱਟੀ ਹਟਾਈ, ਤਾਂ ਹੇਠਾਂ ਟਿਊਬ ਵਿੱਚੋਂ ਲਗਪਗ 200 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਪਲਾਸਟਿਕ ਦੇ ਥੈਲਿਆਂ ਵਿੱਚ ਭਰਿਆ ਲਗਪਗ 15000 ਲੀਟਰ ਲਾਹਣ ਬਰਾਮਦ ਕੀਤਾ ਗਿਆ ਜਿਸ ਨੂੰ ਪੁਲੀਸ ਟੀਮ ਨੇ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ। ਪੁਲੀਸ ਟੀਮਾਂ ਨੇ ਭੱਠੀਆਂ ਤੇ ਹੋਰ ਉਪਕਰਨ ਕਬਜ਼ੇ ਵਿਚ ਲੈ ਗਏ। ਪੁਲੀਸ ਮੌਕੇ ਤੋਂ ਭੱਜਣ ਵਾਲੇ ਨਸ਼ਾ ਤਸਕਰਾਂ ਦੀ ਭਾਲ ਕਰ ਰਹੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਆਬਕਾਰੀ ਐਕਟ ਤਹਿਤ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।