ਸਰਕਾਰੀ ਸਕੂਲ ਦੀ ਥਾਂ ’ਤੇ ਉਸਾਰੀਆਂ ਨਾਜਾਇਜ਼ ਦੁਕਾਨਾਂ ਢਾਹੀਆਂ
ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬੋਹਾ ਦੀ ਜ਼ਮੀਨ ’ਤੇ ਕੁਝ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਅੱਜ ਹਟਾ ਦਿੱਤਾ ਗਿਆ ਹੈ। ਇਸ ਦੌਰਾਨ ਕਰਵਾਈ ਕਰਦਿਆਂ ਅੱਜ ਤਹਿਸੀਲਦਾਰ ਤੇ ਡਿਊਟੀ ਮੈਜਿਸਟਰੇਟ ਮਨਵੀਰ ਸਿੰਘ ਤੇ ਕਾਨੂੰਨਗੋ ਗਿਰਧਾਰੀ ਲਾਲ ਦੀ ਨਿਗਰਾਨੀ ਹੇਠ ਸਕੂਲ ਦੀ ਥਾਂ ’ਤੇ ਬਣੀਆਂ ਸੱਤ ਦੁਕਾਨਾਂ ਜੇਬੀਸੀ ਨਾਲ ਢਾਹ ਦਿੱਤਾ ਗਿਆ।
ਜ਼ਿਕਰਯੋਗ ਇਹ ਜਗ੍ਹਾ ਕਈ ਸਾਲ ਪਹਿਲਾਂ ਤਤਕਾਲੀ ਪੰਚਾਇਤ ਨੇ ਸਕੂਲ ਨੂੰ ਦਾਨ ਦਿੱਤੀ ਸੀ, ਜਿਸ ’ਤੇ ਕਥਿਤ ਤੌਰ ’ਤੇ ਕੁਝ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਸੀ। ਪਿਛਲੇ ਸਮੇਂ ਦੌਰਾਨ ਨਾਜਾਇਜ਼ ਕਬਜ਼ਾ ਛੁਡਵਾਉਣ ਦੇ ਮੰਤਵ ਨਾਲ ਇਸ ਥਾਂ ਦੀ ਕਈ ਵਾਰ ਮਿਣਤੀ ਕਰਵਾਈ ਗਈ ਪਰ ਹਰ ਵਾਰ ਮਿਣਤੀ ਵਿਚ ਫ਼ਰਕ ਆ ਜਾਣ ਕਾਰਨ ਮਾਮਲਾ ਹੋਰ ਉਲਝਦਾ ਰਿਹਾ। ਹੁਣ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਲ 2019 ਵਿੱਚ ਹੋਈ ਪਹਿਲੀ ਮਿਣਤੀ ਨੂੰ ਠੀਕ ਮੰਨ ਕੇ ਭਾਰੀ ਪੁਲੀਸ ਬਲ ਤਾਇਨਾਤ ਕਰਕੇ ਇਹ ਕਬਜ਼ਾ ਛੁਡਵਾਇਆ ਗਿਆ ਹੈ।
‘ਆਪ’ ਦੇ ਬਲਾਕ ਪ੍ਰਧਾਨ ਦਰਸ਼ਨ ਘਾਰੂ ਤੇ ਰਾਜਵਿੰਦਰ ਸਿੰਘ ਸਵੈਚ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਅਪਣਾਈ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਤਹਿਤ ਹੀ ਇਹ ਕਬਜ਼ਾ ਛੁਡਵਾਉਣ ਦੀ ਕਾਰਵਾਈ ਹੋਈ ਹੈ।
ਡਿਊਟੀ ਮੈਜਿਸਟਰੇਟ ਮਨਵੀਰ ਸਿੰਘ ਨੇ ਕਿਹਾ ਕਿ ਅੱਜ ਦੀ ਇਸ ਕਬਜ਼ਾ ਕਾਰਵਾਈ ਨਾਲ ਸਕੂਲ ਦੇ ਨਾਂ ਬੋਲਦੀ 20 ਕਨਾਲ ਜ਼ਮੀਨ ਪੂਰੀ ਕਰ ਦਿੱਤੀ ਗਈ ਹੈ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ) ਪਰਮਜੀਤ ਸਿੰਘ ਭੋਗਲ, ਸਕੂਲ ਪ੍ਰਿੰਸੀਪਲ ਮੇਘਾ ਸਿੰਘ, ਪਿੰਸੀਪਲ ਹਰਵਿੰਦਰ ਸਿੰਘ ਭੁੱਲਰ, ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਕਮਲਜੀਤ ਸਿੰਘ ਬਾਵਾ, ਸੰਤੋਖ ਸਾਗਰ, ਕੌਂਸਲਰ ਜਗਸੀਰ ਸਿੰਘ ਜੱਗਾ, ਸੁਰਿੰਦਰ ਕੁਮਾਰ, ਵਿਜੈ ਕੁਮਾਰ, ਪਰਮਜੀਤ ਸਿੰਘ ਪੰਮਾ ਮੌਜੂਦ ਸਨ।
ਇਸ ਸਬੰਧੀ ਕਾਬਜ਼ ਧਿਰ ਨੇ ਕਿਹਾ ਕਿ ਉਨ੍ਹਾਂ ਦੀਆਂ ਦੁਕਾਨਾਂ ਆਪਣੀ ਖਰੀਦੀ ਜਗ੍ਹਾ ’ਤੇ ਬਣੀਆਂ ਹੋਈਆਂ ਸਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਨਿੱਜੀ ਤੇ ਰਾਜਸੀ ਰੰਜ਼ਿਸ਼ ਰੱਖਣ ਵਾਲੇ ਲੋਕਾਂ ਨੇ ਕਰਵਾਈ ਹੈ।