ਨਸ਼ਾ ਤਸਕਰ ਦੀ ਨਾਜਾਇਜ਼ ਉਸਾਰੀ ਢਾਹੀ
ਪੱਤਰ ਪ੍ਰੇਰਕ
ਗਿੱਦੜਬਾਹਾ, 8 ਜੁਲਾਈ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਇੱਕ ਨਸ਼ਾ ਤਸਕਰ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਇਮਾਰਤ ਨੂੰ ਢਾਹ ਦਿੱਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਰੁਣ ਕੁਮਾਰ ਸਹੋਤਾ ਨੇ ਦੋਸ਼ ਲਾਇਆ ਕਿ ਪੁਲੀਸ ਥਾਣਾ ਸਿਟੀ ਤਹਿਤ ਆਉਂਦੇ ਇਲਾਕੇ ਵਿੱਚ ਮੰਜੂਰਾ ਦੇਵੀ ਵਾਸੀ ਆਦਰਸ਼ ਨਗਰ ਗਲੀ ਨੰਬਰ 04 ਸ੍ਰੀ ਮੁਕਤਸਰ ਸਾਹਿਬ ਵੱਲੋਂ ਕਬਰਾਂ ਦੇ ਨਜ਼ਦੀਕ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸ ਨੂੰ ਢਾਹੁਣ ਦੀਆਂ ਹਦਾਇਤਾਂ ਪ੍ਰਾਪਤ ਕਰਕੇ ਪੁਲੀਸ ਵਿਭਾਗ ਤੋਂ ਮੌਕੇ ’ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਮਦਦ ਲਈ ਗਈ ਸੀ। ਉਨ੍ਹਾਂ ਕਿਹਾ ਕਿ ਪੂਰੇ ਕਾਨੂੰਨੀ ਤਰੀਕੇ ਦੀ ਪਾਲਣਾ ਕਰਦਿਆਂ ਇਸ ਗੈਰ ਕਾਨੂੰਨੀ ਇਮਾਰਤ ਨੂੰ ਅੱਜ ਢਾਹਿਆ ਗਿਆ।
ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਮੰਜੂਰਾ ਦੇਵੀ ਉੱਪਰ ਪਹਿਲਾਂ ਤੋਂ ਹੀ ਕੁੱਲ ਛੇ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ, ਉਸ ਨੂੰ ਅਟੈਚ ਕਰਵਾਇਆ ਜਾਵੇਗਾ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖ ਕੇ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।