ਹਾਦਸੇ ’ਚ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ
ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 17 ਜੂਨ
ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਕੱਚਾ ਭਾਗਸਰ ਰੋਡ ’ਤੇ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰਾਂ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਐਕਟਿਵਾ ਚਾਲਕ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ। ਥਾਣਾ ਸਿਟੀ ਮੁਕਤਸਰ ਪੁਲੀਸ ਵੱਲੋਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਸਿਟੀ ਮੁਕਤਸਰ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਗੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨੰਦਗੜ੍ਹ ਨੇ ਦੱਸਿਆ ਕਿ ਸ਼ਾਮ ਕਰੀਬ 4:30 ਵਜੇ ਉਨ੍ਹਾਂ ਦਾ ਸਹੁਰਾ ਸੁਖਪਾਲ ਸਿੰਘ ਢਿੱਲੋਂ ਅਤੇ ਸੱਸ ਅਮਨਪ੍ਰੀਤ ਕੌਰ ਗੁਰਦੁਆਰਾ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਮੱਥਾ ਟੇਕ ਕੇ ਆਪਣੀ ਐਕਟਿਵਾ ’ਤੇ ਵਾਪਸ ਆਪਣੇ ਘਰ ਪਿੰਡ ਭਾਗਸਰ ਜਾ ਰਹੇ ਸਨ। ਉਹ ਆਪਣੇ ਮੋਟਰਸਾਈਕਲ ’ਤੇ ਉਨ੍ਹਾਂ ਦੇ ਪਿੱਛੇ-ਪਿੱਛੇ ਪਿੰਡ ਭਾਗਸਰ ਜਾ ਰਹੇ ਸਨ। ਉਸਨੇ ਦੱਸਿਆ ਕਿ ਜਦੋਂ ਉਹ ਕੱਚਾ ਭਾਗਸਰ ਰੋਡ ’ਤੇ ਪੁੱਜੇ ਤਾਂ ਸਾਹਮਣਿਓਂ ਪਿੰਡ ਭਾਗਸਰ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਤੇਜ਼ ਰਫ਼ਤਾਰ ਨਾਲ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਹ ਮੋਟਰਸਾਈਕਲ ਵਿਨੋਦ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਗੰਧੜ ਚਲਾ ਰਿਹਾ ਸੀ ਅਤੇ ਉਸਦੇ ਪਿੱਛੇ ਸੁਖਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਬੈਠਾ ਸੀ। ਬਿਆਨਾਂ ’ਤੇ ਥਾਣਾ ਸਿਟੀ ਮੁਕਤਸਰ ਪੁਲੀਸ ਨੇ ਸੁਖਮਨਦੀਪ ਸਿੰਘ ਅਤੇ ਵਿਨੋਦ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਦਕਿ ਦੋਵਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਅਣਪਛਾਤੇ ਵਾਹਨ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਪਿੰਡ ਬੱਲੋਕੇ ਕੋਲ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਚਾਲਕ ਵੱਲੋਂ ਟੱਕਰ ਮਾਰਨ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਮੱਝੂਕੇ ਰੋਡ ਭਦੌੜ ਪਿੰਡ ਬੱਲੋਕੇ ’ਚ ਇੱਕ ਟਰੈਕਟਰ ’ਤੇ ਡਰਾਈਵਰੀ ਕਰਦਾ ਸੀ। ਉਹ ਆਪਣਾ ਕੰਮ ਖਤਮ ਕਰਨ ਪਿੱਛੋਂ ਪਿੰਡ ਬੱਲੋਕੇ ਤੋਂ ਵਾਪਸ ਪਿੰਡ ਭਦੌੜ ਮੋਟਰਸਾਈਕਲ ’ਤੇ ਜਾ ਰਿਹਾ ਸੀ ਜਿਸਨੂੰ ਅਣਪਛਾਤੇ ਤੇਜ਼ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸ਼ਹਿਣਾ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।