ਹੈਰੋਇਨ ਸਮੇਤ ਪਤੀ-ਪਤਨੀ ਗ੍ਰਿਫ਼ਤਾਰ
ਪੁਲੀਸ ਨੇ ਹਰਿਆਣਾ ਨਾਲ ਸਬੰਧਤ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 272 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਵਾਂ ਦੀ ਪਛਾਣ ਜ਼ਿਲ੍ਹਾ ਜੀਂਦ ਦੇ ਪਿੰਡ ਰੋਹੜ ਵਾਸੀ ਬਲਵਿੰਦਰ ਸਿੰਘ ਅਤੇ ਉਸਦੀ ਪਤਨੀ ਸਰਬਜੀਤ ਕੌਰ ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਖਿਲਾਫ਼ ਥਾਣਾ ਸਦਰ ਕੋਟਕਪੂਰਾ ਵਿੱਚ ਕੇਸ ਦਰਜ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ। ਡੀਐੱਸਪੀ (ਇਨਵੈਸਟੀਗੇਸ਼ਨ) ਅਰੁਣ ਮੁੰਡਲ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਟੀਮ ਏਐੱਸਆਈ ਹਾਕਮ ਸਿੰਘ ਦੀ ਅਗਵਾਈ ਵਿੱਚ ਨੈਸ਼ਨਲ ਹਾਈਵੇਅ 54 ’ਤੇ ਗਸ਼ਤ ਕਰ ਰਹੀ ਸੀ ਕਿ ਉਨ੍ਹਾਂ ਸੰਧਵਾਂ ਲਿੰਕ ਰੋਡ ਨਜ਼ਦੀਕ ਇੱਕ ਆਦਮੀ ਅਤੇ ਇੱਕ ਔਰਤ ਨੂੰ ਦੇਖਿਆ ਜੋ ਪੁਲੀਸ ਦੀ ਗੱਡੀ ਦੇਖ ਸੂਏ ਦੀ ਪਟੜੀ ਵੱਲ ਚੱਲ ਮੁੜ ਗਏ। ਸ਼ੱਕ ਦੇ ਆਧਾਰ ’ਤੇ ਪੁਲੀਸ ਨੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦਾ ਨਾਮ-ਪਤਾ ਪੁੱਛਿਆ ਅਤੇ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ 272 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀਐੱਸਪੀ (ਆਈ) ਅਨੁਸਾਰ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਦੋਵੇਂ ਪਤੀ ਪਤਨੀ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿੱਚੋਂ ਸਪਲਾਈ ਲੈ ਕੇ ਆਏ ਹਨ ਹੁਣ ਇਨ੍ਹਾਂ ਨੇ ਰੇਲਗੱਡੀ ਰਾਹੀਂ ਹਰਿਆਣਾ ਦੇ ਰਸਤੇ ਅੱਗੇ ਸਪਲਾਈ ਕਰਨੀ ਸੀ। ਪੁਲੀਸ ਨੇ ਸਾਰਿਆਂ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ।