ਟਰਾਈਡੈਂਟ ਦੇ ਮੈਡੀਕਲ ਕੈਂਪ ਦੇ ਤੀਜੇ ਦਿਨ ਸੈਂਕੜੇ ਮਰੀਜ਼ ਪੁੱਜੇ
ਟਰਾਈਡੈਂਟ ਗਰੁੱਪ ਦੇ ਮੁਫ਼ਤ ਮੈਡੀਕਲ ਕੈਂਪ ਦੇ ਤੀਜੇ ਪੜਾਅ ਦੌਰਾਨ ਅੱਜ ਤੀਜੇ ਦਿਨ ਸੈਂਕੜੇ ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ। ਪਿੰਡ ਉੱਪਲੀ ਤੋਂ ਪੁੱਜੀ 60 ਸਾਲਾ ਗੁਰਮੀਤ ਕੌਰ, 63 ਸਾਲਾ ਬਲਵਿੰਦਰ ਕੌਰ, 62 ਸਾਲਾ ਸਰਬਜੀਤ ਕੌਰ, 63 ਸਾਲਾ ਬਲਵਿੰਦਰ ਕੌਰ, ਕ੍ਰਿਸ਼ਨ ਕੁਮਾਰ ਤੇ ਦੇਵਾਂਤੀ ਦੇਵੀ ਨੇ ਕਿਹਾ ਕਿ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ, ਸੀ ਐੱਸ ਆਰ ਹੈੱਡ ਮਧੂ ਗੁਪਤਾ ਅਤੇ ਸੀ ਐਕਸ ਓ ਅਭਿਸ਼ੇਕ ਗੁਪਤਾ ਦੇ ਉਪਰਾਲੇ ਸਦਕਾ ਅੱਜ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਮਿਲ ਰਹੀਆਂ ਹਨ। ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਕੈਂਪ ਦਾ ਚੌਥਾ ਪੜਾਅ 19 ਨਵੰਬਰ ਤੋਂ ਸ਼ੁਰੂ ਹੋਵੇਗਾ ਤੇ ਕੈਂਪ 5 ਦਸੰਬਰ ਤੱਕ ਚੱਲੇਗਾ। ਦਿਲ ਦੇ ਰੋਗਾਂ ਦੇ ਮਾਹਰ ਡਾ. ਨਵਕਿਰਨ ਨੇ ਦੱਸਿਆ ਕਿ ਛਾਤੀ ਵਿੱਚ ਦਰਦ, ਸਾਹ ਚੜ੍ਹ ਜਾਣਾ, ਚੱਕਰ ਆਉਣਾ, ਧੜਕਨ ਦਾ ਤੇਜ਼ ਹੋਣਾ ਅਤੇ ਜ਼ਿਆਦਾ ਪਸੀਨਾ ਆਉਣਾ ਦਿਲ ਦੀਆਂ ਗੰਭੀਰ ਬਿਮਾਰੀਆਂ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਸ਼ੂਗਰ, ਬੀ ਪੀ, ਕਿਡਨੀਆਂ ਦੀ ਸਮੱਸਿਆ ਜਾਂ ਮੋਟਾਪੇ ਵਾਲੇ ਲੋਕਾਂ ਨੂੰ ਹਾਰਟ ਅਟੈਕ ਆਉਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਉਨ੍ਹਾਂ ਦਿਲ ਦੀ ਸਮੱਸਿਆ ਆਉਣ ’ਤੇ ਅਫ਼ੀਮ ਖਾਣ ਵਰਗੀਆਂ ਗ਼ਲਤ ਮਿੱਥਾਂ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ। ਕੈਂਸਰ ਦੇ ਮਾਹਿਰ ਡਾ. ਦੇਵਾਫਰੇ ਨੇ ਦੱਸਿਆ ਕਿ ਲੋਕ ਅਕਸਰ ਆਪਣੀ ਸਿਹਤ ਪ੍ਰਤੀ ਅਣਗਹਿਲੀ ਕਰਦੇ ਹਨ, ਜਿਸ ਕਾਰਨ ਜੇਕਰ ਕੋਈ ਵੱਡੀ ਬਿਮਾਰੀ ਹੋਵੇ ਤਾਂ ਉਸ ਦਾ ਪਤਾ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਜੇ ਸ਼ੁਰੂਆਤੀ ਸਮੇਂ ਵਿੱਚ ਕੈਂਸਰ ਦਾ ਪਤਾ ਲੱਗ ਜਾਵੇ, ਤਾਂ ਇਸ ਦਾ ਇਲਾਜ ਸੰਭਵ ਹੈ।
