ਗਿੱਦੜਬਾਹਾ ਤੇ ਏਲਨਾਬਾਦ ’ਚ ਮੀਂਹ ਕਾਰਨ ਸੈਂਕੜੇ ਏਕੜ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ
ਬੀਤੇ ਦਿਨੀਂ ਹੋਈ ਭਰਵੀਂ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਬਰਸਾਤ ਨੇ ਫ਼ਸਲਾਂ ਦਾ ਭਾਰੀ ਨੁਕਸਾਨ ਵੀ ਕੀਤਾ ਹੈ। ਗਿੱਦੜਬਾਹਾ ਹਲਕੇ ਦੇ ਪਿੰਡ ਕੋਟਲੀ ਅਤੇ ਆਸ-ਪਾਸ ਦੇ ਪਿੰਡਾਂ ਕੋਠੇ ਕੇਸਰ ਸਿੰਘ ਵਾਲੇ, ਕੋਠੇ ਨਾਈ ਵਾਲ਼ੇ, ਕੋਠੇ ਚੀਦਿਆ ਵਾਲੇ ਆਦਿ ਪਿੰਡਾਂ ਵਿੱਚ ਮੀਂਹ ਨੇ ਕਿਸਾਨਾਂ ਦੀ ਮੱਕੀ, ਮੂੰਗੀ ਅਤੇ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਨੇ ਦੱਸਿਆ ਕਿ ਕੋਟਲੀ ਅਤੇ ਇਸ ਦੇ ਆਸ ਪਾਸ ਦੇ ਕੋਠਿਆਂ ਵਿੱਚ ਮੀਂਹ ਕਾਰਨ ਸੈਂਕੜੇ ਏਕੜ ਫ਼ਸਲ ਖ਼ਰਾਬ ਹੋ ਗਈ। ਉਨ੍ਹਾ ਕਿਹਾ ਕਿ ਕਿਸਾਨਾਂ ਵਲੋਂ ਖੇਤਾਂ ਵਿੱਚ ਭਰੇ ਪਾਣੀ ਦੀ ਨਿਕਾਸੀ ਲਈ ਪਾਣੀ ਨੂੰ ਬੋਰਾਂ ਵਿੱਚ ਪਾਇਆ ਜਾ ਰਿਹਾ ਹੈ, ਇਸ ਕਾਰਨ ਇਹ ਡਰ ਵੀ ਬਣਿਆ ਹੋਇਆ ਹੈ ਕਿ ਮੀਂਹ ਤੋਂ ਬਾਅਦ ਜਦ ਉਹ ਆਪਣੇ ਬੋਰ ਚਲਾਉਣਗੇ ਤਾਂ ਉਹ ਚਲਣਗੇ ਜਾਂ ਨਹੀਂ। ਉਨ੍ਹਾ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਹਨ, ਉਪਰੋਂ ਆਏ ਭਾਰੀ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਚਿੰਤਾ ਹੋਰ ਵਧਾ ਦਿੱਤੀ ਹੈ। ਉਨ੍ਹਾ ਕਿਹਾ ਕਿ ਸਾਡੀ ਸਰਕਾਰ ਤੋਂ ਮੰਗ ਹੈ ਕਿ ਇਸ ਮੁਸ਼ਕਿਲ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜੇ ਤਾਂ ਜੋ ਕਿਸਾਨ ਫ਼ਿਰ ਤੋਂ ਫ਼ਸਲ ਦੀ ਬਿਜਾਈ ਕਰ ਸਕਣ।
ਏਲਨਾਬਾਦ (ਜਗਤਾਰ ਸਮਾਲਸਰ): ਪਿਛਲੇ ਚਾਰ ਪੰਜ ਦਿਨਾਂ ਤੋਂ ਖੇਤਰ ਵਿੱਚ ਰੁਕ-ਰੁਕ ਪਏ ਮੀਂਹ ਕਾਰਨ ਨਰਮੇ ਕਪਾਹ, ਗੁਆਰੇ ਅਤੇ ਹਰੇ ਚਾਰੇ ਦੀ ਫ਼ਸਲ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਫ਼ਸਲਾਂ ਦੇ ਖਰਾਬ ਹੋਣ ਦਾ ਖ਼ਦਸ਼ਾ ਹੈ। ਕਿਸਾਨਾਂ ਦਾ ਕਹਿਣਾ ਹੈ ਇਸ ਮੀਂਹ ਨਾਲ ਝੋਨੇ ਦੀ ਫ਼ਸਲ ਨੂੰ ਭਰਪੂਰ ਫਾਇਦਾ ਮਿਲ ਰਿਹਾ ਹੈ ਕਿਉਕਿ ਹੁਣ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੈ ਅਤੇ ਮੌਕੇ ਤੇ ਮੀਹ ਪੈਣ ਨਾਲ ਪਾਣੀ ਦੀ ਖਪਤ ਘੱਟ ਜਾਵੇਗੀ ਪਰ ਨਰਮੇ ਕਪਾਹ ਦੀ ਫ਼ਸਲ ਵਿੱਚ ਪਾਣੀ ਭਰ ਜਾਣ ਕਾਰਨ ਫ਼ਸਲ ਖਾਰਬ ਹੋ ਜਾਣ ਦਾ ਖ਼ਦਸਾ ਵੀ ਪੈਦਾ ਹੋ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਅਗਲੇ ਦੋ ਤਿੰਨ ਦਿਨ ਤੱਕ ਹੋਰ ਮੀਂਹ ਪੈ ਗਿਆ ਤਾਂ ਇਹ ਫ਼ਸਲਾਂ ਪੂਰੀ ਤਰ੍ਹਾਂ ਖਰਾਬ ਹੋ ਜਾਣਗੀਆਂ। ਬਹੁਤੇ ਖੇਤ ਪਾਣੀ ਨਾਲ ਭਰ ਗਏ ਹਨ ਅਤੇ ਖੇਤਾਂ ਵਿੱਚੋਂ ਪਾਣੀ ਬਾਹਰ ਕੱਢਣ ਲਈ ਸਖ਼ਤ ਮਿਹਨਤ ਵੀ ਕਰਨੀ ਪੈ ਰਹੀ ਹੈ।
ਸੜਕ ’ਤੇ ਪਾਣੀ ਭਰਨ ਕਾਰਨ ਰਾਹਗੀਰ ਪ੍ਰੇਸ਼ਾਨ
ਭੁੱਚੋ ਮੰਡੀ (ਪਵਨ ਗੋਇਲ): ਇਥੇ ਦੁਪਹਿਰ ਸਮੇਂ ਭਾਰੀ ਮੀਂਹ ਪੈਣ ਕਾਰਨ ਕੌਮੀ ਮਾਰਗ ’ਤੇ ਪਾਣੀ ਭਰ ਗਿਆ। ਇਸ ਕਾਰਨ ਮਾਰਬਲ ਵਪਾਰੀਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਇਸ ਜਗ੍ਹਾ ’ਤੇ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਹਲਕੀ ਬਰਸਾਤ ਮੌਕੇ ਵੀ ਪਾਣੀ ਭਰ ਜਾਂਦਾ ਹੈ। ਇਸ ਨਾਲ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਅਤੇ ਰਿਸਰਚ ਤੇ ਹਸਪਤਾਲ ਦੇ ਵਿਦਿਆਰਥੀਆਂ ਅਤੇ ਮਰੀਜ਼ਾਂ ਸਮੇਤ ਅਤੇ ਸੰਤ ਕਬੀਰ ਸਕੂਲ ਬੱਚਿਆਂ ਨੂੰ ਭਾਰੀ ਪ੍ਰੇਸ਼ਾਨ ਹੁੰਦੀ ਹੈ। ਇਹ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਹੈ, ਪਰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਇਸ ਨੂੰ ਹੱਲ ਕਰਨ ਵਿੱਚ ਸੰਜ਼ੀਦਗੀ ਨਹੀਂ ਦਿਖਾ ਰਹੇ।