ਚੇਤਨਾ ਪ੍ਰੀਖਿਆ ਦੇ ਮੋਹਰੀ ਬੱਚਿਆਂ ਦਾ ਸਨਮਾਨ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਗ਼ਦਰ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਸੂਬਾਈ ਪੱਧਰ ’ਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਇਕ ਵਿਸ਼ੇਸ਼ ਸੂਬਾਈ ਸਨਮਾਨ ਸਮਾਗਮ ਇੱਥੇ ਤਰਕਸ਼ੀਲ਼ ਭਵਨ ਵਿੱਚ ਕਰਵਾਇਆ ਗਿਆ।
ਇਸ ਸਮਾਗਮ ਦੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਉੱਘੇ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਵਿਗਿਆਨਕ ਚੇਤਨਾ ਅੱਜ ਤੱਕ ਦੇ ਮਨੁੱਖੀ ਵਿਕਾਸ ਦਾ ਮੁੱਖ ਆਧਾਰ ਹੈ ਪਰ ਸ਼ਾਤਰ ਹਾਕਮ ਜਮਾਤਾਂ ਨੇ ਸਿੱਖਿਆ ਵਿੱਚ ਰੂੜ੍ਹੀਵਾਦੀ ਪਾਠਕ੍ਰਮ ਸ਼ਾਮਲ ਕਰਕੇ ਵਿਦਿਆਰਥੀਆਂ ਨੂੰ ਵਿਗਿਆਨਕ ਨਜ਼ਰੀਆ ਅਪਨਾਉਣ ਤੋਂ ਵਾਂਝਿਆ ਕੀਤਾ ਹੈ। ਜਦਕਿ ਤਰਕਸ਼ੀਲ਼ ਸੁਸਾਇਟੀ ਪੰਜਾਬ ਪਿਛਲੇ ਚਾਰ ਦਹਾਕਿਆਂ ਤੋਂ ਵਿਗਿਆਨਕ ਦ੍ਰਿਸ਼ਟੀਕੋਣ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕਰਦੀ ਆ ਰਹੀ ਹੈ ਅਤੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਸੂਬਾਈ ਪੱਧਰ ’ਤੇ ਛੇਵੀਂ ਤੋਂ ਤੇਰ੍ਹਵੀਂ ਜਮਾਤ ਵਿਚ ਅਹਿਮ ਸਥਾਨ ਹਾਸਿਲ ਕਰਨ ਵਾਲੇ ਮਿਡਲ ਅਤੇ ਸੈਕੰਡਰੀ ਗਰੁੱਪ ਦੇ 30 ਵਿਦਿਆਰਥੀਆਂ ਨੂੰ ਨਗਦ ਇਨਾਮ, ਤਰਕਸ਼ੀਲ਼ ਕਿਤਾਬਾਂ, ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੇ ਸਟੇਜ ਤੋਂ ਪ੍ਰੀਖਿਆ ਬਾਰੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਬਲਦੇਵ ਰਹਿਪਾ ਅਤੇ ਤਰਕਸ਼ੀਲ ਸੁਸਾਇਟੀ ਇੰਗਲੈਂਡ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮੱਖਣ ਸਿੰਘ ਨੇ ਵੀ ਸੰਬੋਧਨ ਕੀਤਾ।
ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਸੁਸਾਇਟੀ ਵੱਲੋਂ ਸਲਾਨਾ ਕਰਵਾਈ ਜਾਂਦੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਦਾ ਮੰਤਵ ਬਿਆਨਿਆਂ ਤੇ ਸਭਨਾਂ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਗੁਰਪ੍ਰੀਤ ਸ਼ਹਿਣਾ ਨੇ ਕੀਤਾ।
