ਤਲਵੰਡੀ ਭਾਈ ਤੇ ਸ੍ਰੀ ਮੁਕਤਸਰ ਸਾਹਿਬ ਦੇ ਅਧਿਆਪਕਾਂ ਦਾ ਸਨਮਾਨ
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਮਿਡਲ ਸਮਾਰਟ ਸਕੂਲ ਬੂਈਆਂ ਵਾਲਾ ਦੇ ਮੁੱਖ ਅਧਿਆਪਕ ਰਮੇਸ਼ ਕੁਮਾਰ ਨੂੰ ਵੀ ਸਿੱਖਿਆ ਤੇ ਸਮਾਜ ਸੇਵਾ ਵਿੱਚ ਸ਼ਲਾਘਾਯੋਗ ਕਾਰਜਾਂ ਲਈ ‘ਰਾਜ ਅਧਿਆਪਕ ਪੁਰਸਕਾਰ-2025’ ਨਾਲ ਸਨਮਾਨਿਤ ਕੀਤਾ ਗਿਆ ਹੈ। ਰਮੇਸ਼ ਕੁਮਾਰ ਤਲਵੰਡੀ ਭਾਈ ਦੇ ਵਾਸੀ ਹਨ। ਅੱਜ ਅਨੰਦਪੁਰ ਸਾਹਿਬ ਵਿੱਚ ਵਿਸ਼ਵ ਅਧਿਆਪਕ ਦਿਵਸ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਨਮਾਨੇ ਗਏ 71 ਅਧਿਆਪਕਾਂ ਵਿੱਚ ਰਮੇਸ਼ ਕੁਮਾਰ ਵੀ ਸ਼ਾਮਲ ਸਨ। ਰਮੇਸ਼ ਕੁਮਾਰ ਪਿਛਲੇ ਨੌਂ ਸਾਲਾਂ ਤੋਂ ਇਸ ਸਕੂਲ ਵਿੱਚ ਬਤੌਰ ਮੁੱਖ ਅਧਿਆਪਕ ਤਾਇਨਾਤ ਹਨ। ਸਾਲ 2021-22 ਵਿੱਚ ਇਹ ਜ਼ਿਲ੍ਹੇ ਦਾ ਉੱਤਮ ਮਿਡਲ ਸਕੂਲ ਚੁਣਿਆ ਗਿਆ ਸੀ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸ੍ਰੀ ਮੁਕਤਸਰ ਸਾਹਿਬ ’ਚ ਪੈਂਦੇ ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਨੂੰ ਅੱਜ ਸਟੇਟ ਐਵਾਰਡ ਨਾਲ ਨਿਵਾਜਿਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਡਿੰਪਲ ਵਰਮਾ ਨੂੰ ਸਨਮਾਨ ਵਜੋਂ ਯਗਤਾ ਸਰਟੀਫਿਕੇਟ, ਸ਼ਾਲ ਅਤੇ ਮੈਡਲ ਭੇਟ ਕੀਤਾ ਹੈ। ਸਨਮਾਨ ਮਿਲਣ ਉਪਰੰਤ ਪਿੰਡ ਵਾਸੀਆਂ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਡਿੰਪਲ ਵਰਮਾ ਸਕੂਲ ਦੀ ਉੱਨਤੀ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਨੈਤਿਕ ਸਿੱਖਿਆ ਦੇ ਮਾਮਲੇ ’ਚ ਮੋਹਰੀ ਰਹੀ ਹੈ। ਉਨ੍ਹਾਂ 16 ਜਨਵਰੀ 2021 ਨੂੰ ਸਰਕਾਰੀ ਹਾਈ ਸਕੂਲ ਕਰਮਗੜ੍ਹ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸਕੂਲ ਦੀ ਪਹਿਲੀ ਮਹਿਲਾ ਅਧਿਆਪਕਾ ਉਹ ਵੀ ਮੁੱਖ ਅਧਿਆਪਕ ਵਜੋਂ ਅਹੁਦਾ ਸੰਭਾਲਿਆ ਸੀ।