ਹਾਕੀ: ਭੋਤਨਾ ਸਕੂਲ ਦੇ ਲੜਕੇ ਤੇ ਲੜਕੀਆਂ ਚੈਂਪੀਅਨ
69ਵੀਆਂ ਪੰਜਾਬ ਰਾਜ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ ਦੇ ਲੜਕੇ ਅਤੇ ਲੜਕੀ ਦੀਆਂ ਟੀਮਾਂ ਨੇ ਝੰਡੀ ਗੱਡੀ ਹੈ। ਸਕੂਲ ਹਾਕੀ ਖੇਡ ਇੰਚਾਰਜ ਮਾਸਟਰ ਗੁਰਪ੍ਰੀਤ ਸਿੰਘ ਭੋਤਨਾ ਨੇ ਦੱਸਿਆ ਕਿ ਫਾਈਨਲ ਮੁਕਾਬਲੇ ਵਿੱਚ ਭੋਤਨਾ ਸਕੂਲ ਦੇ ਲੜਕਿਆਂ ਨੇ ਛੀਨੀਵਾਲ ਸਕੂਲ ਦੀ ਟੀਮ ਨੂੰ 6-0 ਗੋਲਾਂ ਦੇ ਫ਼ਰਕ ਨਾਲ਼ ਹਰਾ ਕੇ ਲਗਾਤਾਰ ਤੀਜੀ ਵਾਰ ਵੀ ਜ਼ਿਲ੍ਹਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸੇ ਤਰ੍ਹਾਂ ਲੜਕੀਆਂ ਵਿੱਚੋਂ ਵੀ ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਚੈਂਪੀਅਨ ਬਣਨ ਦਾ ਖ਼ਿਤਾਬ ਆਪਣੇ ਨਾਮ ਕੀਤਾ। ਸੀਐਚਸੀ ਮੈਡਮ ਜਸਬੀਰ ਕੌਰ ਅਤੇ ਹੋਰ ਅਧਿਆਪਕਾਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਟਰਾਫ਼ੀਆਂ ਤੇ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਭੋਤਨਾ ਦੇ ਅਹੁਦੇਦਾਰਾਂ ਸਿਕੰਦਰ ਸਿੰਘ, ਜਸਪਾਲ ਸਿੰਘ ਤੇ ਸਾਥੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਨੰਨ੍ਹੇ ਖਿਡਾਰੀਆਂ ਦੇ ਖੇਡਣ ਲਈ ਗਰਾਊਂਡ ਤਿਆਰ ਕੀਤਾ ਅਤੇ ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਪੂਰਨ ਸਹਿਯੋਗ ਦਿੱਤਾ।
