ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ’ਚ ਜਨ-ਜੀਵਨ ਪ੍ਰਭਾਵਿਤ
ਮਾਲਵਾ ਖੇਤਰ ਕਈ ਜ਼ਿਲ੍ਹਿਆਂ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਲੋਕਾਂ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਇਸ ਦੌਰਾਨ ਵੱਡੀ ਗਿਣਤੀ ਸਕੂਲਾਂ ਵਿੱਚ ਭਾਰੀ ਪਾਣੀ ਭਰ ਗਿਆ ਹੈ। ਭਾਰੀ ਮੀਂਹ ਕਾਰਨ ਜ਼ਿਆਦਾਤਰ ਸ਼ਹਿਰਾਂ ’ਚ ਜਨ ਜੀਵਨ ਪ੍ਰਭਾਵਿਤ ਰਿਹਾ। ਬਹੁਤੇ ਸਕੂਲਾਂ ਵਿੱਚ ਰਿਕਾਰਡ ਖ਼ਰਾਬ ਹੋਣ ਦਾ ਵੀ ਡਰ ਬਣ ਗਿਆ ਹੈ। ਮਾਨਸਾ ਜ਼ਿਲ੍ਹੇ ਵਿੱਚ ਦੋ ਦਰਜਨ ਤੋਂ ਵੱਧ ਸਕੂਲ ਪਾਣੀ ਵਿੱਚ ਡੁੱਬੇ ਹੋਏ ਹਨ। ਇਸ ਤੋਂ ਇਲਾਵਾਂ ਸ਼ਹਿਰਾਂ ’ਚ ਸੜਕਾਂ ਤੇ ਨੀਵੇਂ ਖੇਤਰਾਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਨੇ ਦੱਸਿਆ ਕਿ ਜ਼ਿਲ੍ਹੇ ਦੇ 50 ਤੋਂ ਵੱਧ ਸਕੂਲਾਂ ਵਿੱਚ ਪਾਣੀ ਭਰਿਆ ਹੋਇਆ ਹੈ, ਜਦੋਂ ਕਿ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਲਿਸਟ ਵਿੱਚ 18 ਸਕੂਲਾਂ ਵਿੱਚ ਹੀ ਪਾਣੀ ਭਰਿਆ ਹੈ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਪਿੰਡ ਵਜੀਦਕੇ ਖ਼ੁਰਦ ਦੇ ਗਰੀਬ ਪਰਿਵਾਰਾਂ ਦੇ ਰਿਹਾਇਸ਼ੀ ਮਕਾਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਕੰਧਾਂ ਅਤੇ ਛੱਤਾਂ ਵਿੱਚ ਆਈਆਂ ਤਰੇੜਾਂ ਕਾਰਨ ਘਰ ਕਿਸੇ ਵੀ ਸਮੇਂ ਡਿੱਗ ਸਕਦੇ ਹਨ। ਇਸ ਕਾਰਨ ਪਰਿਵਾਰ ਆਪਣਾ ਸਮਾਨ ਸਮੇਤ ਪਿੰਡ ਦੀ ਸਾਂਝੀ ਧਰਮਸ਼ਾਲਾ ਵਿੱਚ ਪਨਾਹ ਲੈਣ ਲਈ ਮਜਬੂਰ ਹੋਏ ਹਨ। ਪੰਚਾਇਤ ਮੈਂਬਰ ਕੁਲਵਿੰਦਰ ਸਿੰਘ ਸੋਨੂ ਅਤੇ ਅਮਨਜੋਤ ਸਿੰਘ ਚੋਪੜਾ ਨੇ ਦੱਸਿਆ ਕਿ ਜੱਗਾ ਸਿੰਘ, ਬੂਟਾ ਸਿੰਘ ਅਤੇ ਬਲਵੀਰ ਸਿੰਘ ਦੇ ਘਰ ਬਾਰਿਸ਼ ਕਾਰਨ ਗੰਭੀਰ ਤੌਰ ’ਤੇ ਨੁਕਸਾਨੇ ਗਏ ਹਨ।
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਇਸ ਖੇਤਰ ਵਿਚ ਪੈ ਰਹੇ ਮੀਂਹ ਕਾਰਨ ਧੂਰਕੋਟ, ਕਾਹਨੇ ਕੇ, ਧੌਲਾ, ਰੂੜੇਕੇ, ਭੈਣੀ ਫੱਤਾ ਅਤੇ ਪੱਖੋ ਕਲਾਂ ਆਦਿ ਪਿੰਡਾਂ ’ਚ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ। ਤਿੰਨ ਦਿਨ ਤੋਂ ਪੈ ਰਹੇ ਮੀਂਹ ਕਾਰਨ ਇਨ੍ਹਾਂ ਪਿੰਡਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਜਿਸ ਨਾਲ ਪਹਿਲਾਂ ਹੀ ਆਰਥਿਕ ਤੌਰ ਤੇ ਝੰਬੀ ਕਿਸਾਨੀ ਨੂੰ ਵੱਡੀ ਸੱਟ ਵੱਜੀ ਹੈ। ਭਾਰੀ ਮੀਂਹ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਘਰਾਂ ’ਚ ਤਰੇੜਾਂ ਵੀ ਆਈਆਂ ਹਨ ਅਤੇ ਖੇਤਰ ਦੀਆਂ ਲਿੰਕ ਰੋਡਾਂ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟ ਚੱਕੀਆਂ ਹਨ। ਧੌਲਾ ਗਰਿੱਡ ਦੇ ਪਾਣੀ ਵਿੱਚ ਡੁੱਬਣ ਨਾਲ ਦੂਜੇ ਦਿਨ ਵੀ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ।
ਭਦੌੜ (ਰਾਜਿੰਦਰ ਵਰਮਾ): ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਕਸਬਾ ਭਦੌੜ ਦੇ ਵਾਰਡ ਨੰਬਰ 5 ਅਤੇ 6 ਵਿੱਚ ਮੱਝੂਕੇ ਰੋਡ ’ਤੇ ਸਥਿਤ ਛੱਪੜ ਦਾ ਬੰਨ੍ਹ ਟੁੱਟ ਗਿਆ ਹੈ ਜਿਸ ਕਾਰਨ ਛੱਪੜ ਨੇੜਨੇ ਸੌ ਦੇ ਕਰੀਬ ਘਰਾਂ ’ਚ ਪਾਣੀ ਦਾਖ਼ਲ ਹੋ ਗਿਆ। ਨਛੱਤਰ ਸਿੰਘ ਨੰਬਰਦਾਰ ਦਾ ਛੱਪੜ ਨਾਲ ਲੱਗਦਾ ਲਗਭਗ ਦੋ ਏਕੜ ਝੋਨਾ ਪੂਰੀ ਤਰਾਂ ਡੁੱਬ ਗਿਆ।
ਤਪਾ ਮੰਡੀ (ਸੀ. ਮਾਰਕੰਡਾ): ਭਾਰੀ ਮੀਂਹ ਅਤੇ ਝੱਖੜ ਚੱਲਣ ਕਰਨ ਹਲਕੇ ਦੇ ਵੱਖ-ਵੱਖ ਇਲਾਕਿਆਂ ’ਚ ਸ਼ੈਲਰਾਂ, ਗਰੀਬਾਂ ਦੇ ਕੱਚੇ ਕੋਠਿਆਂ ਅਤੇ ਦਰੱਖ਼ਤਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਅਸ਼ੋਕ ਰਾਈਸ ਮਿੱਲ ਦੇ ਮਾਲਕ ਉਗਰ ਸੈਨ ਮੌੜ ਨੇ ਦੱਸਿਆ ਕਿ ਮੀਹ ਅਤੇ ਤੇਜ਼ ਹਨੇਰੀ ਚੱਲਣ ਕਾਰਨ ਉਨ੍ਹਾਂ ਦੇ ਸ਼ੈਲਰ ਦੀ ਕੰਧ ਡਿੱਗ ਗਈ ਅਤੇ ਚਾਦਰਾਂ ਵੀ ਉੱਡ ਗਈਆਂ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਇਲਾਕੇ ਵਿੱਚ ਦੋ ਦਿਨ ਲਗਾਤਾਰ ਮੀਂਹ ਪੈਣ ਕਾਰਨ ਇੱਥੇ ਵਾਰਡ ਨੰਬਰ 13 ਵਿੱਚ ਸੁਮਨ ਬੁਟੀਕ ਐਂਡ ਜੁੱਤੀ ਹਾਊਸ ਦੁਕਾਨ ਦੀ ਛੱਤ ਡਿੱਗ ਪਈ। ਇਸ ਨਾਲ ਦੁਕਾਨਦਾਰ ਦਾ ਕਰੀਬ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਆਰਥਿਕ ਮਦਦ ਕੀਤੀ ਜਾਵੇ।
ਕਾਲਾਂਵਾਲੀ (ਪਵਨ ਗੋਇਲ): ਪਿੰਡ ਦੇਸੂ ਮਲਕਾਣਾ ਅਤੇ ਔਢਾਂ ਵਿੱਚ ਭਾਰੀ ਮੀਂਹ ਕਾਰਨ ਦੋ ਕਮਰਿਆਂ ਦੀ ਛੱਤਾਂ ਡਿਗੀਆਂ ਹਨ ਜਿਥੇ ਪਿੰਡ ਦੇਸੂ ਮਲਕਾਣਾ ਵਿੱਚ ਛੱਤ ਡਿਗਣ ਨਾਲ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਉੱਥੇ ਹੀ ਪਿੰਡ ਔਢਾਂ ਵਿੱਚ ਕਮਰੇ ਦੀ ਛੱਤ ਡਿਗਣ ਨਾਲ ਦੋ ਮੱਝਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੀੜਤ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।
ਸ਼ਹਿਣਾ (ਪ੍ਰਮੋਦ ਸਿੰਗਲਾ): ਮੀਂਹ ਕਾਰਨ ਸ਼ਹਿਣਾ ਅਤੇ ਇਲਾਕੇ ਦੇ ਕਈ ਪਿੰਡਾਂ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਇਸ ਨੁਕਸਾਨ ਤੋਂ ਪ੍ਰੇਸ਼ਾਨ ਹਨ। ਇਸੇ ਤਰ੍ਹਾਂ ਜਗਜੀਤਪੁਰਾ ਕੋਲ ਨੈਸ਼ਨਲ ਹਾਈਵੇ ’ਤੇ ਪਾਣੀ ਖੜ੍ਹਨ ਕਾਰਨ ਇੱਕ ਸਵਿਫਟ ਕਾਰ ਪਲਟ ਗਈ ਪ੍ਰੰਤੂ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾ ਰਹਿ ਗਿਆ। ਅੱਜ ਕਸਬਾ ਸ਼ਹਿਣਾ ਵਿੱਚ ਅਨੰਦ ਈਸ਼ਰ ਦੀ ਵਰਕਸ਼ਾਪ (ਪੱਖੋਂ ਰੋਡ) ਵਿੱਚ ਵਰਕਸ਼ਾਪ ਵਿੱਚ ਪਾਣੀ ਜ਼ਿਆਦਾ ਆਉਣ ਨਾਲ 30 ਹਜ਼ਾਰ ਤੋਂ ਵੱਧ ਦਾ ਸਾਮਾਨ ਸੜ ਗਿਆ ਹੈ।
ਤੈਰਾਕਾਂ ਤੇ ਗੋਤਾਖੋਰਾਂ ਦੀ ਪਛਾਣ ਦੇ ਹੁਕਮ
ਮਾਲਵਾ ਖੇਤਰ ਵਿੱਚ ਹੜ੍ਹਾਂ ਤੋਂ ਬਾਅਦ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਹੁਣ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਤੈਰਾਕਾਂ ਅਤੇ ਗੋਤਾਖੋਰਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਐਮਰਜੈਂਸੀ ਸਥਿਤੀਆਂ ਵਿਚ ਰਾਹਤ ਕਾਰਜਾਂ ਦੌਰਾਨ ਉਨ੍ਹਾਂ ਦੀ ਸਹਾਇਤਾ ਲਈ ਜਾ ਸਕੇ। ਡਿਪਟੀ ਕਮਿਸ਼ਨਰਾਂ ਵੱਲੋਂ ਅੱਜ ਕੀਤੀਆਂ ਮੀਟਿੰਗਾਂ ਵਿੱਚ ਅਜਿਹੇ ਤੈਰਾਕਾਂ ਅਤੇ ਗੋਤਾਖੋਰਾਂ ਦੀ ਪਿੰਡ ਪੱਧਰ ’ਤੇ ਪਛਾਣ ਕਰਨ ਲਈ ਸਬ-ਡਵੀਜ਼ਨਾਂ ਦੇ ਐਸਡੀਐਮਜ਼ ਅਤੇ ਬਲਾਕਾਂ ਦੇ ਬੀਡੀਪੀਓਜ਼ ਨੂੰ ਤੁਰੰਤ ਅਜਿਹੀਆਂ ਲਿਸਟਾਂ ਤਿਆਰ ਕਰਕੇ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।