ਡੇਂਗੂ ਤੇ ਚਿਕਨਗੁਨੀਆ ਰੋਕਣ ਲਈ ਮਹਿਕਮਾ ਸਰਗਰਮ
ਮਾਨਸਾ ਜ਼ਿਲ੍ਹੇ ’ਚ ਲਗਾਤਾਰ ਵਧ ਰਹੇ ਡੇਂਗੂ ਅਤੇ ਚਿਕਨਗੁਨੀਆ ਦੇ ਕੇਸਾਂ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ, ਜਿਸ ਤਹਿਤ ਮਹਿਕਮੇ ਵੱਲੋਂ ਸ਼ਹਿਰ ਦੇ ਡੇਂਗੂ ਹੌਟ-ਸਪੌਟ ਖੇਤਰਾਂ ਵਿੱਚ ਫੌਗਿੰਗ ਕਰਕੇ ਬ੍ਰੀਡਿੰਗ ਚੈਕਿੰਗ ਅਤੇ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ।
ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਭੱਠਾ ਬਸਤੀ ਵਿੱਚ ਦੀਆਂ ਗਲੀਆਂ ਵਿੱਚ ਫੌਗਿੰਗ ਕਰਵਾਈ ਗਈ ਅਤੇ ਲਾਰਵਾ ਮਿਲਣ ’ਤੇ ਲਾਰਵੀਸਾਈਡ ਦਾ ਛਿੜਕਾਅ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਚੌਕਸ ਅਤੇ ਮੁਸਤੈਦ ਹਨ, ਜਦੋਂ ਵੀ ਕੋਈ ਕੇਸ ਰਿਪੋਰਟ ਹੁੰਦਾ ਹੈ ਤਾਂ ਉਸ ਏਰੀਆ ਦੇ 40 ਤੋਂ 50 ਘਰਾਂ ਵਿੱਚ ਇਨਸੈਕਟਸਾਈਡ ਸਪਰੇਅ ਅਤੇ ਗਲੀਆਂ ਵਿੱਚ ਫੌਗਿੰਗ ਕਰਵਾਈ ਜਾਂਦੀ ਹੈ ਤਾਂ ਕਿ ਉਸ ਏਰੀਆ ਵਿੱਚ ਡੇਂਗੂ ਦੇ ਮੱਛਰ ਨੂੰ ਨਸ਼ਟ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਏਰੀਏ ਵਿੱਚ ਸਾਫ ਪਾਣੀ 7 ਦਿਨਾਂ ਤੋਂ ਵੱਧ ਖੜ੍ਹਾ ਰਹੇ ਤਾਂ ਉਸ ਵਿੱਚ ਡੇਂਗੂ ਦਾ ਮੱਛਰ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਲੇ-ਦੁਆਲੇ ਜਾਂ ਘਰਾਂ ਵਿੱਚ ਸਾਫ਼ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਜਿਸ ਦੇ ਕਾਰਨ ਵੈਕਟਰ ਬੋਰਨ ਬਿਮਾਰੀਆਂ ਜਿਵੇਂ ਕਿ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਆਦਿ ਫੈਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਲਈ ਇਮਾਰਤਾਂ ਦੀਆਂ ਛੱਤਾਂ ’ਤੇ ਪਏ ਟਾਇਰਾਂ, ਟੁੱਟੇ ਭੱਜੇ ਬਰਤਨਾਂ, ਕੂਲਰਾਂ ਦੇ ਪਾਣੀ,ਕਬਾੜ ਦੀਆਂ ਦੁਕਾਨਾਂ ’ਤੇ ਪਏ ਕਬਾੜ ਆਦਿ ਨੂੰ ਖਾਲੀ ਕਰ ਕੇ ਸੁਕਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਰਿੱਜ ਦੀ ਟ੍ਰੇਅ, ਮਨੀ ਪਲਾਂਟ ਵਾਲੀ ਬੋਤਲ ਦੇ ਪਾਣੀ ਨੂੰ ਹਫਤੇ ਇੱਕ ਵਾਰ ਖਾਲੀ ਕਰ ਕੇ ਸੁਕਾਉਣ ਉਪਰੰਤ ਦੁਬਾਰਾ ਪਾਣੀ ਭਰਨਾ ਚਾਹੀਦਾ ਹੈ।
