ਦਾਨੇਵਾਲਾ ’ਚ ਪਾਣੀ ਦੇ ਨਮੂੂਨੇ ਫੇਲ੍ਹ ਹੋਣ ਮਗਰੋਂ ਸਿਹਤ ਵਿਭਾਗ ਸਰਗਰਮ
ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਸਦਕਾ ਚਰਚਾ ਵਿੱਚ ਆਏ ਪਿੰਡ ਦਾਨੇਵਾਲਾ ਨੂੰ ਲੈ ਕੇ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਿੰਡ ਵਿੱਚ ਸਿਹਤ ਵਿਭਾਗ ਵੱਲੋਂ ਖੂਨ ਜਾਂਚ ਕੈਂਪ ਲਾਇਆ ਅਤੇ ਸਮੁੱਚੇ ਪਿੰਡ ਦੇ ਲੋਕਾਂ ਦੇ ਖੂਨ ਦੇ ਨਮੂਨੇ ਪ੍ਰਾਪਤ ਕੀਤੇ। ਇਸ ਤੋਂ ਪਹਿਲਾਂ ਪਿੰਡ ਵਿੱਚ ਪਾਣੀ ਦੀ ਵੀ ਜਾਂਚ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਪਿੰਡ ਵਿੱਚ ਧਰਤੀ ਹੇਠਲੇ ਪਾਣੀ ਦੇ ਨਮੂਨੇ ਫੇਲ੍ਹ ਆਏ ਹਨ, ਇਸ ਲਈ ਲੋਕਾਂ ਨੂੰ ਉਕਤ ਪਾਣੀ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਰਿਪੁਦਮਨ ਕੌਰ ਦੀ ਦੇਖ-ਰੇਖ ਹੇਠ ਸਿਹਤ ਟੀਮ ਜਿਸ ਵਿੱਚ ਸਿਹਤ ਅਫ਼ਸਰ ਸਨਬਖਸ਼ ਕੌਰ, ਅਨਮੋਲ ਸਿੰਘ ਭੱਟੀ, ਗੁਰਨਾਮ ਸਿੰਘ, ਦਲਜੀਤ ਕੌਰ, ਵਰਿੰਦਰ ਕੌਰ ਅਤੇ ਆਸ਼ਾ ਵਰਕਰਾਂ ਪ੍ਰੀਤਪਾਲ ਕੌਰ ਤੇ ਮਨਜੀਤ ਕੌਰ ਸ਼ਾਮਲ ਸਨ ਨੇ ਅੱਜ ਦੇ ਕੈਂਪ ਵਿੱਚ ਹਿੱਸਾ ਲਿਆ। ਸਿਹਤ ਕਰਮਚਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਵਿੱਚੋਂ 70 ਲੋਕਾਂ ਦੇ ਖੂਨ ਦੇ ਨਮੂਨੇ ਲਏ ਗਏ ਹਨ। ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਪਿੰਡ ਵਾਸੀ ਕਿਸੇ ਵੀ ਬਿਮਾਰੀ ਤੋਂ ਪੀੜਤ ਪਾਇਆ ਗਿਆ ਤਾਂ ਸਰਕਾਰ ਵਲੋਂ ਉਸਦਾ ਇਲਾਜ ਕਰਵਾਇਆ ਜਾਵੇਗਾ। ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ। ਦੂਜੇ ਪਾਸੇ ਪਿੰਡ ਵਾਸੀਆਂ ਸਰਪੰਚ ਨਿਸ਼ਾਨ ਸਿੰਘ, ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦੇ ਆਗੂ ਸਾਹਿਬ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ,ਸਤਨਾਮ ਸਿੰਘ ਅਤੇ ਬੋਹੜ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਬਿਮਾਰੀਆਂ ਫੈਲਣ ਦਾ ਮੁੱਖ ਕਾਰਨ ਹੱਦ ਨਾਲ ਲੱਗਦਾ ਗੰਦਗੀ ਅਤੇ ਦੂਸ਼ਿਤ ਪਾਣੀ ਭਰਿਆ ਛੱਪੜ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਅਧਿਕਾਰੀਆਂ ਨੂੰ ਇਸਦੇ ਹੱਲ ਲਈ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਉਨ੍ਹਾਂ ਦੀ ਮੰਗ ਉੱਤੇ ਗੌਰ ਨਹੀਂ ਕੀਤਾ ਜਾ ਰਿਹਾ ਹੈ।