ਨਹਿਰੀ ਪਾਣੀ ਲਈ ਹਰਿਆਣਾ ਕਿਸਾਨ ਮੰਚ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਪਿੰਡ ਝਿੜੀ ’ਚ ਹਰਿਆਣਾ ਕਿਸਾਨ ਮੰਚ ਨਾਲ ਜੁੜੇ ਕਿਸਾਨਾਂ ਨੇ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਜਲਦੀ ਨਹਿਰਾਂ ’ਚ ਦੋ ਹਫ਼ਤਿਆਂ ਲਈ ਪਾਣੀ ਦੀ ਸਪਲਾਈ ਨਾ ਦਿੱਤੇ ਜਾਣ ’ਤੇ ਤਿੱਖਾ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ।
ਹਰਿਆਣਾ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਬਾਬਾ ਗੁਰਦੀਪ ਸਿੰਘ ਝਿੜੀ ਨੇ ਕਿਹਾ ਕਿ ਕਿਸਾਨਾਂ ਨੂੰ ਲੋੜੀਂਦਾ ਨਹਿਰੀ ਪਾਣੀ ਮੁਹੱਈਆ ਨਹੀਂ ਹੋ ਰਿਹਾ। ਪਹਿਲਾਂ ਨਹਿਰਾਂ ’ਚ ਦੋ ਹਫ਼ਤੇ ਪਾਣੀ ਚਲਦਾ ਹੀ ਤੇ ਦੋ ਹਫ਼ਤੇ ਨਹਿਰਾਂ ਬੰਦ ਰਹਿੰਦੀਆਂ ਸਨ ਪਰ ਹੁਣ ਮਹੀਨੇ ’ਚ ਸਿਰਫ ਇਕ ਹਫ਼ਤਾ ਹੀ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਕ ਹਫ਼ਤੇ ਪਾਣੀ ਆਉਣ ਨਾਲ ਕਈ ਕਿਸਾਨਾਂ ਨੂੰ ਤਾਂ ਇਕ ਵੀ ਵਾਰੀ ਨਹੀਂ ਲਗਦੀ। ਗੁਰਦੀਪ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਬਣਾਇਆ ਗਿਆ ਪ੍ਰੋਗਰਾਮ ਕਿਸਾਨਾਂ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਹੜ੍ਹ ਦੇ ਗੇਟ ਖੋਲ੍ਹ ਕੇ ਪੰਜਾਬ ਦੇ ਕਿਸਾਨਾਂ ਨੂੰ ਡੋਬਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸਿਰਸਾ ਜ਼ਿਲ੍ਹੇ ਨੂੰ ਉਸ ਦਾ ਹਿੱਸਾ ਪਾਣੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤੇ ਫਿਰ ਮੰਚ ਦੀ ਟੀਮ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੇਗੀ। ਇਸ ਦੇ ਨਾਲ ਹੀ ਸਰਕਾਰ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਸਮਾਰਟ ਮੀਟਰਾਂ ਦਾ ਵੀ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਮੱਘਰ ਸਿੰਘ ਕੁਰੰਗਾਵਾਲੀ, ਜਸਪਾਲ ਸਿੰਘ ਪ੍ਰਧਾਨ ਬੱਪਾਂ, ਨਾਇਬ ਨੰਬਰਦਾਰ, ਰੂਪ ਸਿੰਘ ਨਾਗੋਕੀ, ਦਲਬੀਰ ਸਿੰਘ ਸੁਬਾਖੇੜਾ, ਹਰਜੰਟ ਸਿੰਘ ਕਿਰਾੜਕੋਟ, ਸਿਕੰਦਰ ਸਿੰਘ ਭੀਮਾ, ਮੰਦਰ ਸਿੰਘ ਭੀਮਾ, ਗੁਰਜੰਟ ਸਿੰਘ ਭੀਮਾ, ਸੁਖਵਿੰਦਰ ਭੀਮਾ, ਕਾਕਾ ਮਿਸਤਰੀ ਝਿੜੀ, ਜਗਸੀਰ ਸਿੰਘ ਜੱਗਾ ਝਿੜੀ, ਕੁਲਦੀਪ ਸਿੰਘ ਝਿੜੀ ਤੇ ਮਿੱਠੂ ਪ੍ਰੇਮੀ ਝਿੜੀ ਮੌਜੂਦ ਸਨ।