ਹਰਦੀਪ ਸਰਾਂ ਨੇ ਯੋਜਨਾ ਕਮੇਟੀ ਚੇਅਰਮੈਨ ਦਾ ਅਹੁਦਾ ਸੰਭਾਲਿਆ
ਜ਼ਿਲ੍ਹਾ ਯੋਜਨਾ ਕਮੇਟੀ ਦੇ ਸਥਾਨਕ ਦਫ਼ਤਰ ਵਿੱਚ ਸਮਾਗਮ ਦੌਰਾਨ ਉਨ੍ਹਾਂ ਅਹੁਦਾ ਸੰਭਾਲਿਆ। ਇਸ ਮੌਕੇ ਮੌਜੂਦ ਚੀਫ਼ ਵਿਪ੍ਹ ਅਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਵਿਧਾਇਕ ਬਠਿੰਡਾ (ਦਿਹਾਤੀ) ਅਮਿਤ ਰਤਨ ਨੇ ਐਡਵੋਕੇਟ ਹਰਦੀਪ ਸਿੰਘ ਸਰਾਂ ਨੂੰ ਪਾਰਟੀ ਦਾ ਵਫ਼ਾਦਾਰ ਸਿਪਾਹੀ ਅਤੇ ਆਮ ਲੋਕਾਂ ਦੀ ਸੇਵਾ ਨੂੰ ਸਮਰਪਿਤ ਆਗੂ ਦੱਸਦਿਆਂ, ਇਹ ਵੱਕਾਰੀ ਅਹੁਦਾ ਸੰਭਾਲਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਐਡਵੋਕੇਟ ਸਰਾਂ ਜ਼ਿਲ੍ਹੇ ਦੇ ਵਿਕਾਸ ਲਈ ਬਿਹਤਰ ਯੋਜਨਾਵਾਂ ਉਲੀਕ ਕੇ ਇਨ੍ਹਾਂ ਨੂੰ ਨੇਪਰੇ ਚੜ੍ਹਾਉਣ ਲਈ ਆਪਣਾ ਅਹਿਮ ਯੋਗਦਾਨ ਪਾਉਣਗੇ।
ਚੇਅਰਮੈਨ ਸਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੌਂਪੀ ਗਈ ਇਸ ਅਹਿਮ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਂਦਿਆਂ, ਆਪਣੇ ਉਪਰ ਪ੍ਰਗਟਾਏ ਭਰੋਸੇ ’ਤੇ ਪੂਰੀ ਤਰ੍ਹਾਂ ਖ਼ਰਾ ਉੱਤਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ/ਸ਼ਹਿਰਾਂ/ਕਸਬਿਆਂ ਦੇ ਸੰਪੂਰਨ ਵਿਕਾਸ ਲਈ ਯੋਜਨਾਵਾਂ ਬਣਾਉਣਾ ਅਤੇ ਇਨ੍ਹਾਂ ਨੂੰ ਹੇਠਲੇ ਪੱਧਰ ’ਤੇ ਲਾਗੂ ਕਰਵਾਉਣਾ, ਉਨ੍ਹਾਂ ਦੀ ਮੁੱਢਲੀ ਤਰਜੀਹ ਹੋਵੇਗੀ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਚੇਅਰਮੈਨ ਰਾਕੇਸ਼ ਪੁਰੀ, ਚੇਅਰਮੈਨ ਇੰਦਰਜੀਤ ਮਾਨ, ਚੇਅਰਮੈਨ ਬੱਲੀ ਬਲਜੀਤ, ਚੇਅਰਮੈਨ ਅਨਿਲ ਠਾਕੁਰ, ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਜ਼ਿਲ੍ਹਾ ਯੋਜਨਾ ਕਮੇਟੀ ਬਰਨਾਲਾ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਦੇ ਸਾਬਕਾ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਡਾ. ਤਰਸੇਮ ਗਰਗ, ਗੁਰਜੰਟ ਸਿੰਘ ਸਿਵੀਆ, ਗੁਰਚਰਨ ਸਿੰਘ ਥੇੜ੍ਹੀ, ਮਨਦੀਪ ਕੌਰ ਰਾਮਗੜ੍ਹੀਆ, ਬਠਿੰਡਾ ਜ਼ਿਲ੍ਹੇ ਦੇ ਮਾਰਕੀਟ ਕਮੇਟੀਆਂ ਦੇ ਸਾਰੇ ਚੇਅਰਮੈਨ, ਮਾਲਵਾ ਵੈਸਟ ਜ਼ੋਨ ਦੇ ਸਾਰੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਯੂਥ ਪ੍ਰਧਾਨ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
